*ਪੰਜਾਬ ਸਰਕਾਰ ਪੰਚਾਇਤੀ ਵਿਭਾਗ ਦੇ ਮੁਲਾਜਮਾਂ ਦੀ ਹੜਤਾਲ ਖੁਲ੍ਹਵਾ ਕੇ ਪੰਚਾਇਤਾਂ ਦਾ ਕੰਮ ਚਲਾਵੇ ਤੇ ਸਰਪੰਚਾਂ ਦਾ ਮਾਸਕ ਭੱਤਾ ਦੇਵੇ-ਜਸਵੀਰ ਸਿੰਘ*

0
15

ਬਰੇਟਾ 18,ਜੁਲਾਈ (ਸਾਰਾ ਯਹਾਂ/ਰੀਤਵਾਲ) ਨਜਦੀਕੀ ਪਿੰਡ ਕੁਲਰੀਆਂ ਦੇ ਮਨਰੇਗਾ ਦਫਤਰ ਵਿਖੇ ਬੁਢਲਾਡਾ ਬਲਾਕ ਦੇ
ਸਰਪੰਚਾਂ ਦੀ ਇੱਕ ਮੀਟਿੰਗ ਸਰਪੰਚ ਪ੍ਰਧਾਨ ਜਸਵੀਰ ਸਿੰਘ ਚੱਕ ਅਲੀਸ਼ੇਰ ਦੀ ਅਗਵਾਈ ਹੇਠ
ਹੋਈ ਅਤੇ ਇਸ ਮੀਟਿੰਗ ਵਿੱਚ ਪਿਛਲੇ ਹਫਤੇ ਤੋਂ ਪੰਚਾਇਤ ਵਿਭਾਗ ਵੱਲੋਂ ਮੁਲਾਜਮਾਂ ਦੀ
ਹੜਤਾਲ ਕਾਰਨ ਕੰਮਕਾਜ ਠੱਪ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਬਲਾਕ ਪ੍ਰਧਾਨ ਨੇ
ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਵਿਕਾਸ ਕਾਰਜ ਠੱਪ ਕਰਕੇ ਪੰਚਾਇਤਾਂ ਦੀਆਂ
ਅਦਾਇਗੀਆਂ ਬੰਦ ਕਰ ਦਿੱਤੀਆਂ ਹਨ ਅਤੇ ਜਿਸ ਕਾਰਨ ਪੰਚਾਇਤਾਂ ਵੱਲੋਂ ਕੀਤੇ ਜਾਣ ਵਾਲੇ
ਪਿੰਡਾਂ ਦੇ ਵਿਕਾਸ ਕਾਰਜ ਵੀ ਠੱਪ ਹੋਏ ਪਏ ਹਨ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਪੰਚਾਇਤਾਂ ਦਾ ਕੰਮ ਪਹਿਲ ਦੇ ਅਧਾਰ ਤੇ
ਚਲਾਵੇ ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੰਮੇ ਲਾਕਡਾਉਨ ਨੇ
ਵਿਕਾਸ ਕੰਮਾਂ ਵਿੱਚ ਗ੍ਰਾਂਟਾਂ ਦੀ ਕਮੀ ਦੇ ਚੱਲਦੇ ਹੋਏ ਕਾਫੀ ਖੜੌਤ ਆਈ ਹੈ ਅਤੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਸਾਲ ਵਿਕਾਸ ਦਾ ਵਰ੍ਹਾ
ਮਨਾ ਰਹੇ ਹਨ ਪਰ ਇਸ ਦੇ ਉਲਟ ਨਿੱਤ ਦੀਆਂ ਹੜਤਾਲਾਂ ਤੇ ਧਰਨਿਆਂ ਦੀ ਬਦੌਲਤ ਵਿਕਾਸ
ਕਾਰਜਾਂ ਵਿੱਚ ਬਹੁਤ ਵੱਡੀ ਰੁਕਾਵਟ ਆ ਚੁੱਕੀ ਹੈ।ਇਸ ਲਈ ਬਲਾਕ ਦੇ ਸਰਪੰਚਾਂ ਨੇ ਪੰਜਾਬ
ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਚਾਇਤੀ
ਵਿਭਾਗ ਦੇ ਮੁਲਾਜਮਾਂ ਦੀ ਹੜਤਾਲ ਖੁਲ੍ਹਵਾ ਕੇ ਪੰਚਾਇਤੀ ਵਿਭਾਗ ਦੇ ਕੰਮ ਸ਼ੁਰੂ
ਕਰਵਾਏ ਜਾਣ ਤਾਂ ਕਿ ਪੰਚਾਇਤਾਂ ਵੱਲੋਂ ਚਲਾਏ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ
ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਅਤੇ ਸਰਪੰਚਾਂ ਦਾ ਮਾਸਕ ਭੱਤਾ ਵੀ ਪਹਿਲ ਦੇ ਅਧਾਰ
ਤੇ ਚਾਲੂ ਕੀਤਾ ਜਾਵੇ।ਇਸ ਮੀਟਿੰਗ ਵਿੱਚ ਸਰਪੰਚ ਰਾਜਵੀਰ ਸਿੰਘ ਕੁਲਰੀਆਂ,ਸਤਗੁਰ ਸਿੰਘ
ਜਲਵੇੜ੍ਹਾ,ਸੱਤਪਾਲ ਸਿੰਘ ਕਾਹਨਗੜ੍ਹ,ਦਰਸ਼ਨ ਸਿੰਘ ਧਰਮਪੁਰਾ,ਮਹਾਸ਼ਾ ਸਿੰਘ ਮੰਡੇਰ,
ਚਰਨਜੀਤ ਸਿੰਘ ਗੋਰਖਨਾਥ,ਗੁਰਲਾਲ ਸਿੰਘ ਗੋਬਿੰਦਪੁਰਾ,ਪਿਆਰਾ ਸਿੰਘ ਜੁਗਲਾਣ ਅਤੇ
ਰਣਜੀਤ ਸਿੰਘ ਦਾਤੇਵਾਸ ਤੋਂ ਇਲਾਵਾ ਬਲਾਕ ਦੇ ਸਰਪੰਚ ਹਾਜਰ ਸਨ।

NO COMMENTS