ਪੰਜਾਬ ਸਰਕਾਰ ਨੇ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫ਼ਸਰਾਂ (ਜਨਰਲ) ਦੀ ਕੀਤੀ ਨਿਯੁਕਤੀ

0
17

ਚੰਡੀਗੜ, 17 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫਸਰਾਂ (ਜਨਰਲ) ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਰੁਜ਼ਗਾਰ ਦੇ ਸੁਪਨੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ 500 ਮੈਡੀਕਲ ਅਫਸਰਾਂ ਦੀ ਨਿਯੁਕਤੀ ਪ੍ਰੀਕਿਰਿਆ ਅਧੀਨ ਅੱਜ 124 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।  ਉਨਾਂ ਕਿਹਾ ਕਿ ਵਿਭਾਗ ਅਧੀਨ ਇਹ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਇਹਨਾਂ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ ਜਿਸ ਨਾਲ ਸਰਕਾਰੀ ਹਸਪਤਾਲਾਂ ਵੱਚ ਮੈਡੀਕਲ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ।ਉਨਾਂ ਕਿਹਾ ਕਿ ਇਸ ਨਾਲ ਕਰੋਨਾਂ ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਸ. ਬਲਬੀਰ ਸਿੰਘ ਸਿੱਧੂ ਨੇ ਵਿਭਾਗ ਵਿੱਚ ਨਵੇਂ ਨਿਯੁਕਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਨਿਰਸਵਾਰਥ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਘਰ-ਘਰ ਰੁਜ਼ਗਾਰ ਮੁਹਿੰਮ ਅਧੀਨ ਪਿਛਲੇ 3 ਸਾਲਾਂ ਵਿੱਚ ਰੈਗੂਲਰ ਅਤੇ ਠੇਕੇ ਦੇ ਆਧਾਰ ਤੇ ਸਿਹਤ ਵਿਭਾਗ ਵਿੱਚ ਲਗਭਗ 7000 ਨੌਕਰੀਆਂ ਦਿੱਤੀਆਂ ਗਈਆਂ, ਜਿਸ ਵਿੱਚ ਮਾਹਿਰ ਡਾਕਟਰ, ਮੈਡੀਕਲ ਅਫ਼ਸਰ, ਡੈਂਟਲ ਅਫਸਰ, ਪੈਰਾਮੈਡੀਕਲ ਤੇ ਹੋਰ ਸਟਾਫ ਸ਼ਾਮਿਲ ਹੈ। ਇਸਦੇ ਨਾਲ ਹੀ 3954 ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਅਧੀਨ ਹੈ।ਇਸ ਮੌਕੇ  ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ, ਸਿਹਤ ਮੰਤਰੀ ਦੇ ਓ.ਐੱਸ.ਡੀ. ਡਾ. ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਅਰਵਿੰਦਰ ਪਾਲ ਸਿੰਘ ਗਿੱਲ, ਸੁਪਰਡੈਂਟ ਈ-4 ਨਿਰਲੇਪ ਕੌਰ, ਸਟੇਟ ਪ੍ਰੋਗਰਾਮ ਅਫਸਰ (ਆਈ.ਈ.ਸੀ. ਤੇ ਮੀਡੀਆ) ਸ਼ਵਿੰਦਰ ਸਹਿਦੇਵ, ਮਾਸ ਮੀਡੀਆ ਅਫਸਰ ਗੁਰਮੀਤ ਰਾਣਾ ਤੇ ਹੋਰ ਅਧਿਕਾਰੀ ਮੌਜੂਦ ਸਨ।

NO COMMENTS