*ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ 10069 ਐਸ.ਸੀ. ਅਤੇ ਬੀ.ਸੀ. ਨੌਜਵਾਨਾਂ ਨੂੰ 10593.28 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ: ਸਾਧੂ ਸਿੰਘ ਧਰਮਸੋਤ*

0
7

ਚੰਡੀਗੜ੍ਹ, 4 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ):ਪੰਜਾਬ ਸਰਕਾਰ ਨੇ ਪਿਛਲੇ ਲਗਭੱਗ ਚਾਰ ਸਾਲਾਂ ਦੇ ਸਮੇਂ ਦੌਰਾਨ ਸੂਬੇ ਦੇ 10069 ਐਸ.ਸੀ. ਅਤੇ ਬੀ.ਸੀ. ਨੌਜਵਾਨਾਂ ਨੂੰ 10593.28 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਹਨ ਜਦਕਿ 15890 ਐਸ.ਸੀ. ਅਤੇ ਬੀ.ਸੀ. ਨੌਜਵਾਨਾਂ ਦੇ 52 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਹਨ।
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਲਗਭੱਗ 4 ਸਾਲਾਂ ਦੇ ਕਾਰਜਕਾਲ ਦੌਰਾਨ 8662 ਯੋਗ ਤੇ ਲੋੜਵੰਦ ਐਸ.ਸੀ. ਨੌਜਵਾਨਾਂ ਨੂੰ 8202.26 ਲੱਖ ਦੇ ਕਰਜ਼ੇ ਮੁਹੱਈਆ ਕਰਵਾਏ ਹਨ। ਇਸੇ ਤਰ੍ਹਾਂ 1407 ਬੀ.ਸੀ. ਨੌਜਵਾਨਾਂ ਨੂੰ 2391.02 ਲੱਖ ਦੇ ਕਰਜ਼ੇ ਮੁਹੱਈਆ ਕਰਵਾਏ ਹਨ।
ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਅਤੇ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਭੌ਼ ਵਿਕਾਸ ਅਤੇ ਵਿੱਤ ਨਿਗਮ ਦਾ 50-50 ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ।ਉਨ੍ਹਾ ਦੱਸਿਆ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਕੁੱਲ 14260 ਲਾਭਪਾਤਰੀ ਨੌਜਵਾਨਾਂ ਦਾ 45.41 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਕਰਜ਼ਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕੁੱਲ 1630 ਲਾਭਪਾਤਰੀ ਨੌਜਵਾਨਾਂ ਦਾ 6.59 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ।
ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਲੋੜਵੰਦ ਤੇ ਯੋਗ ਕਰਜ਼ਾ ਲੈਣ ਦੇ ਚਾਹਵਾਨ ਨੌਜਵਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਰਜ਼ਾ ਕੇਸਾਂ ਦੇ ਜਲਦ ਨਿਪਟਾਰੇ ਲਈ 1 ਲੱਖ ਰੁਪਏ ਤੱਕ ਦੇ ਕਰਜ਼ੇ ਮਨਜ਼ੂਰ ਕਰਨ ਦਾ ਅਧਿਕਾਰ ਜਿ਼ਲ੍ਹਾ ਪੱਧਰ `ਤੇ ਐਸ.ਸੀ. ਤੇ ਬੀ.ਸੀ. ਨਿਗਮਾਂ ਦੇ ਜਿ਼ਲ੍ਹਾ ਮੈਨੇਜਰਾਂ ਨੂੰ ਦਿੱਤੇ ਹਨ। ਇਸੇ ਤਰ੍ਹਾਂ ਜਿ਼ਲ੍ਹਾ ਪੱਧਰੀ ਸਕਰੀਨਿੰਗ ਕਮੇਟੀ `ਚ ਸੋਧ ਕਰਕੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਧਿਕਾਰੀ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਜਲਦੀ ਕਰਜ਼ਾ ਮੁਹੱਈਆ ਕਰਵਾਇਆ ਜਾ ਸਕੇ।
ਸ. ਧਰਮਸੋਤ ਨੇ ਦੱਸਿਆ ਕਿ ਐਸ.ਸੀ. ਅਤੇ ਬੀ.ਸੀ. ਨਿਗਮਾਂ ਦਾ ਮੁੱਖ ਉਦੇਸ਼ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਰਣੀਆਂ ਨਾਲ ਸਬੰਧਤ ਬੇਰੋਜ਼ਗਾਰ ਨੌਜਵਾਨਾਂ ਨੂੰ ਘੱਟ ਵਿਆਜ ਦਰ `ਤੇ ਸਵੈ-ਰੋਜ਼ਗਾਰ ਧੰਦੇ ਜਿਵੇਂ ਡੇਅਰੀ ਫਾਰਮ, ਕਰਿਆਨਾ ਦੁਕਾਨ, ਕੱਪੜੇ ਦੀ ਦੁਕਾਨ, ਸ਼ਟਰਿੰਗ ਦਾ ਕੰਮ, ਲੱਕੜ ਦਾ ਕੰਮ, ਉਚੇਰੀ ਵਿੱਦਿਆ ਕਰਜ਼ੇ ਲਈ ਘੱਟ ਵਿਆਜ ਦਰ `ਤੇ ਕਰਜ਼ਾ ਮੁਹੱਈਆ ਕਰਾਵਾਉਣਾ ਹੈ, ਤਾਂ ਕਿ ਇਨ੍ਹਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ ਅਤੇ ਇਨ੍ਹਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕੇ।
ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਐਸ.ਸੀ. ਕਾਰਪੋਰੇਸ਼ਨ ਨੇ ਸਾਲ 2020-2021 ਦੌਰਾਨ ਕੋਵਿਡ ਦੇ ਔਖੇ ਸਮੇਂ ਦੌਰਾਨ ਵੀ 2116 ਲਾਭ ਪਾਤਰੀਆਂ ਨੂੰ 2293.73 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਹੈ। ਚਾਲੂ ਵਿੱਤੀ ਸਾਲ 2021-2022 ਦੌਰਾਨ ਐਸ.ਸੀ. ਕਾਰਪੋਰੇਸ਼ਨ ਵੱਲੋਂ 1400 ਕਰਜ਼ਦਾਰਾਂ ਨੂੰ 40 ਕਰੋੜ ਦੇ ਵੰਡਣ ਦਾ ਟੀਚਾ ਮਿੱਥਿਆ ਗਿਆ ਸੀ, ਇਸ ਤਹਿਤ ਹੁਣ ਤੱਕ 634 ਲਾਭਪਾਤਰੀਆਂ ਨੂੰ 760.84 ਲੱਖ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਬੀ.ਸੀ. ਕਾਰਪੋਰੇਸ਼ਨ ਨੇ ਸਾਲ 2020-2021 ਦੌਰਾਨ ਦੌਰਾਨ 446 ਲਾਭ ਪਾਤਰੀਆਂ ਨੂੰ 769.64 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਹੈ। ਚਾਲੂ ਵਿੱਤੀ ਸਾਲ 2021-2022 ਦੌਰਾਨ ਬੀ.ਸੀ. ਕਾਰਪੋਰੇਸ਼ਨ ਵੱਲੋਂ 614 ਕਰਜ਼ਦਾਰਾਂ ਨੂੰ 934.02 ਕਰੋੜ ਦੇ ਵੰਡਣ ਦਾ ਟੀਚਾ ਮਿੱਥਿਆ ਗਿਆ ਸੀ, ਇਸ ਤਹਿਤ ਹੁਣ ਤੱਕ 47 ਲਾਭਪਾਤਰੀਆਂ ਨੂੰ 82.40 ਲੱਖ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ।

NO COMMENTS