ਪੰਜਾਬ ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੋਲੇ ਨਵੇਂ ਰਾਹ ; ਕੇਂਦਰ ਸਰਕਾਰ ਦੇ ਐਨਸੀਐਸ ਪੋਰਟਲ ਨਾਲ ਜੋੜਿਆ ‘ਘਰ ਘਰ ਰੋਜ਼ਗਾਰ’ ਪੋਰਟਲ

0
88

ਚੰਡੀਗੜ, 6 ਅਗਸਤ  (ਸਾਰਾ ਯਹਾ, ਜੋਨੀ ਜਿੰਦਲ) : ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ  ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਪੋਰਟਲ ਨੂੰ ਕੌਮੀ ਕੈਰੀਅਰ ਸਰਵਿਸ (ਐਨ.ਸੀ.ਐਸ) ਦੇ ਨਾਲ ਜੋੜ ਦਿੱਤਾ ਹੈ ਜੋ ਕਿ ਭਾਰਤ ਸਰਕਾਰ ਦਾ ਅਧਿਕਾਰਤ ਪੋਰਟਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਲਈ ਪੂਰੇ ਭਾਰਤ ਵਿੱਚ ਨੌਕਰੀ ਦੇ ਨਵੇਂ ਰਾਹ ਖੁੱਲਣਗੇ।ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ  ਉਹ ਪਹਿਲੀ ਸਰਕਾਰ ਹੈ ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕੀਤੀ ਸੀ। ਉਨਾਂ ਕਿਹਾ ਕਿ ਦੂਸਰੇ ਰਾਜ, ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਨਿੱਜੀ ਖੇਤਰ ਵਿੱਚ ਨੌਕਰੀ ਲੱਭਣ ਵਾਲਿਆਂ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਇਕ ਮੰਚ ਮੁਹੱਈਆ ਕਰਵਾਉਣ ਲਈ ਪੰਜਾਬ ਮਾਡਲ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਪੰਜ ਮੈਗਾ ਜਾਬ ਫੇਅਰ( ਰੋਜ਼ਗਾਰ ਮੇਲੇ) ਲਗਾ ਚੁੱਕਾ ਹੈ ਅਤੇ ਰਾਜ ਦੇ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਪੰਜਾਬ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਛੇਵੇਂ ਮੈਗਾ ਜਾਬ ਫੇਅਰ ਰਾਹੀਂ ਨੌਜਵਾਨਾਂ ਨੂੰ ਇੱਕ ਲੱਖ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਛੇਵਾਂ ਰੋਜ਼ਗਾਰ ਮੇਲਾ ਇਸ ਸਾਲ ਸਤੰਬਰ ਮਹੀਨੇ ਵਿੱਚ ਆਯੋਜਿਤ ਕਰਵਾਇਆ ਜਾਵੇਗਾ। ਉਨਾਂ ਅੱਗੇ ਕਿਹਾ ਕਿ ਇਸ ਵੇਲੇ ‘ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਪੋਰਟਲ ਉੱਤੇ ਲਗਭਗ 8 ਲੱਖ ਨੌਜਵਾਨਾਂ ਦੇ ਵੇਰਵੇ ਦਰਜ ਹਨ। ਰੋਜ਼ਗਾਰ ੳੱੁਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਏਕੀਕਰਨ ਨਾਲ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ‘ਤੇ ਰਜਿਸਟਰ ਨੌਕਰੀ ਦੇ ਚਾਹਵਾਨ ਦੁਬਾਰਾ ਰਜਿਸਟਰ ਕੀਤੇ ਬਿਨਾਂ ਐਨ.ਸੀ.ਐਸ ਪੋਰਟਲ ‘ਤੇ ਸਮੁੱਚੇ ਭਾਰਤ ਦੀਆਂ ਨੌਕਰੀਆਂ ਸਮੇਤ ਪੈਨ ਇੰਡੀਆ ਸੇਵਾਵਾਂ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਲਗਭਗ 56305 ਕੰਪਨੀਆਂ ਜੋ ਇਸ ਸਮੇਂ ਭਾਰਤ ਸਰਕਾਰ ਦੇ ਕੌਮੀ ਕਰੀਅਰ ਸਕੀਮ ਪੋਰਟਲ ’ਤੇ ਰਜਿਸਟਰਡ ਹਨ, ਨੂੰ ‘ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ’ਤੇ ਰਜਿਸਟਰਡ ਨੌਕਰੀ ਲੱਭਣ ਵਾਲਿਆਂ ਦੇ ਵੇਰਵੇ ਉਪਲਬਧ ਰਹਿਣਗੇ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਹੋਰ ਵੱਧ ਮੌਕੇ ਮਿਲ ਸਕਣਗੇ।ਸਕੱਤਰ ਨੇ ਕਿਹਾ ਕਿ ਹੁਣ ‘ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਪੋਰਟਲ ’ਤੇ ਰਜਿਸਟਰਡ ਨੌਜਵਾਨ ਐਨ.ਸੀ.ਐਸ ਪੋਰਟਲ ਉੱਤੇ ਉਪਲਬਧ ਵੱਖ ਵੱਖ ਸਮਾਗਮਾਂ ਜਿਵੇਂ ਕਿ ਰੋਜ਼ਗਾਰ ਮੇਲੇ, ਕਾਊਂਸਲਿੰਗ ਸੈਸ਼ਨਾਂ ਆਦਿ ਵਿੱਚ ਵੀ ਹਿੱਸਾ ਲੈਣ ਦੇ ਯੋਗ ਹੋਣਗੇ। ਵਰਤੋਂਕਾਰ ਐਨਸੀਐਸ ਪੋਰਟਲ ਦੇ ਉਪਲਬਧ ਵੱਖ ਵੱਖ ਕਿਸਮਾਂ ਦੇ ਹੁਨਰ ਸਿਖਲਾਈ ਅਤੇ ਕੋਰਸਾਂ ਸਬੰਧੀ ਜਾਣਕਾਰੀ ਤੱਕ ਪਹੁੰਚ ਕਰ ਸਕਣਗੇ। ———————-

NO COMMENTS