ਪੰਜਾਬ ਸਰਕਾਰ ਨੇ ਡਰੱਗ ਮਾਫੀਆ ਨੂੰ ਨੱਥ ਪਾਉਣ ਲਈ ਕੀਤਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ – ਮਾਨ

0
31

ਫਗਵਾੜਾ 29 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਪੰਜਾਬ ਦੀ ਨਿਰੋਲ ਨੌਜਵਾਨੀ ਨੂੰ ਬਚਾਉਣ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸ ਪਰਸਨ ਹਰਜੀ ਮਾਨ ਨੇ ਅੱਜ ਇੱਥੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਸਾਲ 2017 ਵਿੱਚ ਡਰੱਗ ਮਾਫੀਆ ਦੇ ਖਿਲਾਫ ਐਸ.ਟੀ.ਐਫ. ਦਾ ਗਠਨ ਕੀਤਾ ਗਿਆ ਸੀ। ਜਿਸ ਨੂੰ ਮੋਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਬਦਲਦੇ ਹਾਲਾਤਾਂ ਦੇ ਮੱਦੇਨਜਰ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਰੂਪ ਦਿੰਦਿਆਂ ਕਰੀਬ 90 ਲੱਖ ਰੁਪਏ ਦੀ ਲਾਗਤ ਨਾਲ ਦੂਜੀ ਮੰਜਿਲ, ਸੋਹਾਣਾ ਥਾਣਾ ਸੈਕਟਰ-79 ਮੋਹਾਲੀ ਵਿਖੇ ਮੁੱਖ ਦਫਤਰ ਸਥਾਪਤ ਕੀਤਾ ਗਿਆ ਹੈ।  ਉਹਨਾਂ ਐਸ.ਟੀ.ਐਫ. ਅਤੇ ਮੋਜੂਦਾ ਏ.ਐਨ.ਟੀ.ਐਫ. ਦਰਮਿਆਨ ਫਰਕ ਦੱਸਦਿਆਂ ਕਿਹਾ ਕਿ  ਭਗਵੰਤ ਮਾਨ ਸਰਕਾਰ ਐਂਟੀ ਡਰੱਗ ਹੈਲਪਲਾਈਨ ਵਾਟਸਐਪ ਚੈਟਬੋਟ ਸ਼ੁਰੂ ਕਰਨ ਜਾ ਰਹੀ ਹੈ ਜਿਸ ਰਾਹੀਂ ਸੂਬੇ ਦੇ ਵਸਨੀਕਾਂ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਅਜਿਹਾ ਪਲੇਟਫਾਰਮ ਮਿਲੇਗਾ, ਜਿੱਥੇ ਨਸ਼ਾ ਤਸਕਰੀ ਦੀ ਸੂਚਨਾ ਅਤੇ ਨਸ਼ਾ ਪੀੜ੍ਹਤ ਜੋ ਇਲਾਜ ਕਰਵਾਉਣਾ ਚਾਹੁੰਦੇ ਹਨ, ਉਹਨਾਂ ਨੂੰ ਇਲਾਜ ਲਈ ਮਾਰਗ ਦਰਸ਼ਨ ਮਿਲੇਗਾ। ਸੂਚਨਾ ਦੇਣ ਵਾਲੇ ਵਿਅਕਤੀ ਅਤੇ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਸਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਹਨਾਂ ਭਰੋਸਾ ਦਿੱਤਾ ਕਿ ਇਹ ਟਾਸਕ ਫੋਰਸ ਡਰੱਗ ਮਾਫੀਆ ਨੂੰ ਨੱਥ ਪਾਉਣ ਵਿਚ ਸਫਲ ਸਿੱਧ ਹੋਵੇਗੀ। ਨਵੀਂ ਫੋਰਸ ਵਿਚ ਮੁਲਾਜਮਾਂ ਦੀ ਵੱਧ ਤਾਇਨਾਤੀ, ਸਟੇਟ ਆਫ ਆਰਟ ਤਕਨੀਕ, ਆਧੂਨਿਕ ਸਰੋਤ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਨਵੀਂ ਟਾਸਕ ਫੋਰਸ ਵਿਚ ਤਕਰੀਬਨ 861 ਅਸਾਮੀਆਂ ਦੀ ਰਚਨਾ ਕੀਤੀ ਜਾ ਰਹੀ ਹੈ, ਜੋ ਕਿ ਸਪੈਸ਼ਲ ਟਾਸਕ ਫੋਰਸ ਵਿਚ ਕੰਮ ਕਰ ਰਹੇ 400 ਅਧਿਕਾਰੀਆਂ/ਕਰਮਚਾਰੀਆਂ ਨਾਲੋਂ ਦੁਗਣੀ ਤੋਂ ਵੀ ਜਿਆਦਾ ਤਾਦਾਦ ਹੈ। ਉਹਨਾਂ ਦੱਸਿਆ ਕਿ ਇਹਨਾਂ 861 ਅਸਾਮੀਆਂ ਦੀ ਰਚਨਾ ਪੁਲਿਸ ਵਿਭਾਗ ਵਿਚ ਹੋਣ ਜਾ ਰਹੀ ਦਸ ਹਜਾਰ ਅਸਾਮੀਆਂ ਦੀ ਰਚਨਾ ਵਿਚੋਂ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਸਟੇਟ ਆਫ ਆਰਟ ਤਕਨੀਕ ਯੰਤਰ ਅਤੇ ਅਤਿ ਆਧੂਨਿਕ ਤਕਨੀਕ ਸਰਵਿਲੈਂਸ ਯੁਨਿਟ ਦੀ ਸਥਾਪਨਾ ਲਈ 12 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਹਨਾਂ ਵਿਚ ਸਾਫਟਵੇਅਰ ਤੇ ਹਾਰਡਵੇਅਰ ਦੀ ਖਰੀਦ ਸ਼ਾਮਲ ਹੈ। ਏ.ਐਨ.ਟੀ.ਐਫ. ਦੇ ਸੁਤੰਤਰ ਹੈਡਕੁਆਰਟਰ ਲਈ ਮੋਹਾਲੀ ਵਿਖੇ 1 ਏਕੜ ਜਮੀਨ ਮੁਹੱਈਆ ਕਰਵਾਈ ਜਾ ਰਹੀ ਹੈ। ਹਰਜੀ ਮਾਨ ਅਨੁਸਾਰ ਪੰਜਾਬ ਸਟੇਟ ਕੈਂਸਰ ਅਤੇ  ਡਰੱਗ ਐਡਿਕਸ਼ਨ ਟਰੀਟਮੈਂਟ ਇਨਫਰਾਸਟ੍ਰਕਚਰ ਫੰਡ ਤਹਿਤ ਰਾਜ ਸਰਕਾਰ ਦੀ ਇਨਫੋਰਸਮੈਂਟ ਡੀ. ਐਡਿਕਸ਼ਨ ਰਣਨੀਤੀ ਨੂੰ ਲਾਗੂ ਕਰਨ ਲਈ 10 ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 14 ਨਵੀਂਆਂ ਮਹਿੰਦਰਾ ਸਕਾਰਪਿਓ ਗੱਡੀਆਂ ਦੀ ਖਰੀਦ ਵੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਲਈ ਕੀਤੀ ਜਾ ਰਹੀ ਹੈ।

NO COMMENTS