*ਪੰਜਾਬ ਸਰਕਾਰ ਨੇ ਕੇਂਦਰੀਕ੍ਰਿਤ ਸੂਬਾ ਦਾਖਲਾ ਪੋਰਟਲ ਕੀਤਾ ਲਾਂਚ*

0
21

ਚੰਡੀਗੜ੍ਹ, 13 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ): ਸੂਬੇ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਨਾਲ ਸਬੰਧਤ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਾਖਲਿਆਂ ਲਈ ਕੇਂਦਰੀਕ੍ਰਿਤ ਦਾਖਲਾ ਪੋਰਟਲ ਸ਼ੁਰੂ ਕੀਤਾ ਗਿਆ ਹੈ।
ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਪੋਰਟਲ ਲਾਂਚ ਕਰਦਿਆਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਸਿੱਖਿਆ ਅਤੇ ਪੜ੍ਹਾਈ ਨਾਲ ਸਬੰਧਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀਕ੍ਰਿਤ ਸੂਬਾ ਦਾਖਲਾ ਪੋਰਟਲ ਨੂੰ ਉਚੇਰੀ ਸਿੱਖਿਆ ਵਿਭਾਗ (ਡੀਐਚਈ), ਪੰਜਾਬ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ (ਡੀਓਜੀਆਰ) ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨਾਲ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਵਿਦਿਆਰਥੀਆਂ ਲਈ ਸੌਖ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ  ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਅਜਿਹੀਆਂ ਹੋਰ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਮੰਤਰੀ ਨੇ ਅੱਗੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਮੌਜੂਦਾ ਸੈਸ਼ਨ (2022-23) ਲਈ ਪੋਰਟਲ ਤਿਆਰ ਕੀਤਾ ਹੈ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵਿਦਿਆਰਥੀ ਤੋਂ ਡਿਜੀਟਲ ਮੋਡ ਜ਼ਰੀਏ ਫ਼ੀਸ ਦੇ ਭੁਗਤਾਨ ਲਈ ਪੇਅਗੌਵ ਇੰਡੀਆ (ਪੇਮੈਂਟ ਗੇਟਵੇ ਪਾਰਟਨਰ) ਨਾਲ ਭਾਈਵਾਲੀ ਕੀਤੀ ਹੈ।
ਕਾਮਨ ਐਡਮਿਸ਼ਨ ਪਲੇਟਫਾਰਮ ਉਮੀਦਵਾਰਾਂ ਲਈ ਦਾਖਲਾ ਪ੍ਰਕਿਰਿਆ ਵਾਸਤੇ ਕੇਂਦਰੀ ਹੱਬ ਵਜੋਂ ਕੰਮ ਕਰੇਗਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਾਲਜਾਂ ਅਤੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਸਿਰਫ਼ ਇੱਕ ਐਪਲੀਕੇਸ਼ਨ ਫਾਰਮ ਹੀ ਭਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਦਾਖਲਾ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ। ਫੀਸ ਦਾ ਭੁਗਤਾਨ ਵੀ ਆਨਲਾਈਨ ਹੀ ਹੋਵੇਗਾ। ਇਹ ਵਿਦਿਆਰਥੀਆਂ ਨਾਲ ਸੰਚਾਰ ਕਰਨਾ ਵੀ ਸੁਖਾਲਾ ਬਣਾਏਗਾ, ਐਪਲੀਕੇਸ਼ਨ ਮੈਨੇਜਰ ਜ਼ਰੀਏ ਕਾਲਜ ਫਾਰਮ ਭਰਨ ਜਾਂ ਇਤਰਾਜ਼ਾਂ ਨੂੰ ਦੂਰ ਕਰਨ ਜਾਂ ਫੀਸ ਦਾ ਭੁਗਤਾਨ ਕਰਨ ਸਬੰਧੀ ਸਿੱਧੇ ਈਮੇਲ ਜਾਂ ਵਿਅਕਤੀਗਤ/ਬਲਕ ਐਸ.ਐਮ.ਐਸ. ਜਾਂ ਕਾਲ ਰਾਹੀਂ ਬਿਨੈਕਾਰ ਨਾਲ ਸੰਪਰਕ ਕਰ ਸਕੇਗਾ। ਇਸ ਨਾਲ ਮੈਰਿਟ ਸੂਚੀ ਤਿਆਰ ਕਰਨ ਵਿੱਚ ਵੀ ਪੂਰੀ  ਪਾਰਦਰਸ਼ਤਾ ਆਵੇਗੀ ਅਤੇ ਵਿਦਿਆਰਥੀ ਦਾਖਲਾ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਆਨਲਾਈਨ ਦੇਖ ਸਕਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਪੀਆਈ ਕਾਲਜਾਂ ਪੰਜਾਬ ਰਾਜੀਵ ਕੁਮਾਰ ਗੁਪਤਾ, ਜਰਨਲ ਮੈਨੇਜਰ ਪ੍ਰਸ਼ਾਸਕੀ ਸੁਧਾਰ ਵਿਨੇਸ਼ ਗੌਤਮ ਅਤੇ ਉਚੇਰੀ ਸਿੱਖਿਆ ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਡਾ. ਅਸ਼ਵਨੀ ਭੱਲਾ, ਡਾ. ਪਰਮਿੰਦਰ ਸਿੰਘ, ਡਾ. ਹਰਲੀਨ ਬੇਦੀ, ਡਾ. ਜਸਵਿੰਦਰ ਕੌਰ ਅਤੇ ਡਾ. ਗੁਰਦਰਸ਼ਨ ਬਰਾੜ ਹਾਜ਼ਰ ਸਨ।

NO COMMENTS