*ਪੰਜਾਬ ਸਰਕਾਰ ਦੇ ਹੁਕਮ ਦੀ ਨਹੀ ਹੋ ਰਹੀ ਪਾਲਨਾ, ਨਵਾਂਸ਼ਹਿਰ ਚ ਸਰਕਾਰੀ ਸਕੂਲ ਚ ਵਿਦਿਆਰਥੀ ਤੋਂ ਲਿਆ ਦਾਖਲਾ ਟੈਸਟ*

0
30

ਨਵਾਸ਼ਹਿਰ 24 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕੋਰੋਨਾਵਾਇਰਸ ਨੂੰ ਠੱਲ ਪਾਉਣ ਲਈ ਸੂਬਾ ਸਰਕਾਰ ਵਲੋਂ ਸਖ਼ਤ ਕੋਰੋੋਨਾ ਨਿਯਮਾਂ ਦੇ ਹੁਕਮਾਂ ਦੇ ਨਾਲ-ਨਾਲ ਭੀੜ ਇੱਕਠੀ ਨਾ ਕਰਨ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪਰ ਇਸ ਸਬ ਦੇ ਬਾਵਜੂਦ ਨਵਾਸ਼ਹਿਰ ‘ਚ ਸਰਕਾਰੀ ਸਕੂਲ ਵਲੋਂ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਈਆਂ ਗਈਆਂ।

ਦੱਸ ਦਈਏ ਕਿ ਇੱਥੇ 11ਵੀਂ ਅਤੇ 12ਵੀਂ ਜਮਾਤ ਦੇ ਲਈ ਦਾਖਲਾ ਪੇਪਰ ਦੇਣ ਲਈ ਕਈ ਵਿਦਿਆਰਥੀ ਪਹੁੰਚੇ। ਇਸ ਦੀ ਜਾਣਕਾਰੀ ਪੁਲਿਸ ਅਤੇ ਮੀਡੀਆ ਨੂੰ ਦਿੱਤੀ ਗਈ। ਜਿਸ ਮਗਰੋਂ ਸਵਾਲ ਕੀਤੇ ਜਾਣ ‘ਤੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜਿਆ। ਦੱਸ ਦਈਏ ਕਿ ਘਟਨਾ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਸਰਕਾਰੀ ਸਕੂਲ ਦੀ ਹੈ। ਸਕੂਲ ਦੇ ਸਟਾਫ ਨੇ ਗਿਆਰਵੀਂ ਅਤੇ ਬਾਰਵੀਂ ਜਮਾਤ ਲਈ ਦਾਖਲਾ ਪੇਪਰ ਰੱਖਿਆ ਅਤੇ ਵਿਦਿਆਰਥੀਆ ਨੂੰ ਸਕੂਲ ਬੁਲਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿਚ ਦਾਖਲਾ ਪੇਪਰ ਦੇਣ ਦੇ ਲਈ ਵਿਦਿਆਰਥੀ ਸਕੂਲ ਪਹੁੰਚ ਗਏ। ਵਿਦਿਆਰਥੀਆਂ ਨਾਲ ਸਕੂਲ ਦਾ ਗਰਾਊਂਡ ਭਰਿਆ ਹੋਇਆ ਸੀ। ਜਦੋਂ ਇਸ ਸੰਬਧੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਪੇਪਰ ਕੈਂਸਲ ਕਰਕੇ ਉਨ੍ਹਾਂ ਨੂੰ ਸਕੂਲੋਂ ਬਾਹਰ ਭੇਜਿਆ।

ਇਸ ਮਾਮਲੇ ‘ਤੇ ਸਕੂਲ ਅਧਿਆਪਕਾ ਨੇ ਕਿਹਾ ਕਿ ਪ੍ਰਿੰਸੀਪਲ ਦੇ ਹੁਕਮਾਂ ‘ਤੇ ਇਹ ਪੇਪਰ ਰੱਖੇ ਗਏ ਹਨ। ਪਰ ਪ੍ਰਿੰਸੀਪਲ ਖੁਦ ਛੁੱਟੀ ‘ਤੇ ਮਿਲਿਆ। ਸਕੂਲ ਵਿਚ ਮੌਜੂਦਾਂ ਅਧਿਆਪਕ ਨੂੰ ਇਸ ਬਾਰੇ ਪੁਛਿਆ ਤਾਂ ਉਨ੍ਹਾਂ ਨੇ ਬੇਹੱਦ ਗੈਰਜ਼ਿੰਮੇਵਾਰੀ ਵਾਲਾ ਜਵਾਬ ਦਿੰਦਿਆ ਕਿਹਾ ਕਿ ਅਧਿਆਪਕ ਨੇ ਤਾਂ ਸਕੂਲ ਵਿੱਚ ਆਉਣਾ ਹੀ ਹੈ। ਤੇ ਇਹ ਟੈਸਟ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕਰਵਾਇਆ ਹੈ ਪਰ ਉਹ ਆਪ ਛੁੱਟੀ ‘ਤੇ ਹਨ। ਮੈਂ ਵਿਦਿਆਰਥੀਆਂ ਨੂੰ ਵਾਪਿਸ ਨਹੀਂ ਮੋੜ ਸਕਦਾ। ਕਿਉਂਕਿ ਪ੍ਰੀਖਿਆ ਦਾ ਸ਼ੈਡਿਉਲ ਫਿਕਸ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਭ ਨੂੰ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਡਿਸਟੈਂਸ ਬਣਾ ਕੇ ਰਖੋ ਅਤੇ ਸੈਨੇਟਾਈਜ ਦੀ ਵਰਤੋ ਕਰੋ।

ਉਧਰ ਮੌਕੇ ‘ਤੇ ਪਹੁੰਚੇ ਬਖਸ਼ੀਸ਼ ਸਿੰਘ ਐਸਐਚਓ ਥਾਣਾ ਸਿਟੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦਾ ਇਕੱਠ ਹੋਇਆ ਹੈ। ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਸਕੂਲ ਵਿਚ ਇਕੱਠ ਸੀ। ਸਕੂਲ ਵਿੱਚ ਅਧਿਆਪਕਾਂ ਨੇ ਕਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ ਇਹ ਪੇਪਰ ਰਖਵਾਇਆ ਸੀ। ਹੁਣ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਾਰੇ ਵਿਦਿਆਰਥੀਆ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਘਰ ਭੇਜ ਦਿਤਾ ਹੈ।

ਮਾਮਲੇ ਬਾਰੇ ਅੱਗੇ ਦੱਸਦਿਆਂ ਐਸਐਚਓ ਨੇ ਕਿਹਾ ਕਿ ਅਸੀਂ ਇਸਦੀ ਰਿਪੋਰਟ ਤਿਆਰ ਕਰਕੇ ਡੀਸੀ ਨੂੰ ਭੇਜ ਰਹੇ ਹਾਂ ਅਤੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ। ਅਤੇ ਐਸਡੀਐਮ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ। ਪੁਲਿਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਐਂਟਰੈਂਸ ਟੈਸਟ ਨੂੰ ਕਰਵਾਉਣ ਦੀ ਪ੍ਰਮਿਸ਼ਨ ਪ੍ਰਸ਼ਾਸਨ ਵਲੋਂ ਲਈ ਗਈ ਸੀ ਜਾਂ ਨਹੀਂ।

NO COMMENTS