ਬਰਨਾਲਾ 14,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਸਰਕਾਰ ਵਲੋਂ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 590 ਕਰੋੜ ਦੇ ਕਰਜ਼ੇ ਮਾਫ਼ੀ ਨੂੰ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਚੋਣ ਸਟੰਟ ਦੱਸਿਆ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਕੈਪਟਨ ਸਰਕਾਰ ‘ਤੇ ਸੰਪੂਰਨ ਕਰਜ਼ਾਮਾਫ਼ੀ ਦੇ ਚੋਣ ਵਾਅਦੇ ਤੋਂ ਭੱਜਣ ਦੇ ਦੋਸ਼ ਲਗਾਏ ਗਏ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਨਿਗੂਣੇ ਕਰਜ਼ੇਮਾਫ਼ੀ ਨਾਲ ਹੱਲ ਨਹੀਂ ਹੋਵੇਗਾ, ਸਗੋਂ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਘੇਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਮਜ਼ਦੂਰ ਜੱਥੇਬੰਦੀਆਂ ਨੇ ਕਿਹਾ ਕਿ ਮਜ਼ਦੂਰਾਂ ਦੀ ਮੁਕੰਮਲ ਕਰਜ਼ਾਮਾਫ਼ੀ ਨੂੰ ਲੈ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਦਾ ਮੋਤੀ ਮਹਿਲ ਦਾ ਘੇਰਾਓ ਕੀਤਾ ਜਾਵੇਗਾ। ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਹਰ ਤਰ੍ਹਾਂ ਦਾ ਮੁਕੰਮਲ ਕਰਜ਼ਾਮੁਆਫ਼ ਕੀਤਾ ਜਾਵੇਗਾ। ਪਰ ਸਰਕਾਰ ਇਸ ਵਾਅਦੇ ਤੋਂ ਭੱਜੀ ਹੈ। ਹੁਣ ਵੀ ਸਰਕਾਰ ਵਲੋਂ 590 ਕਰੋੜ ਬੇਜ਼ਮੀਨੇ ਕਿਸਾਨਾਂ ਲਈ ਰੱਖੇ ਗਏ ਹਨ। ਪਰ ਏਨੀ ਨਿਗੂਣੀ ਰਾਸ਼ੀ ਨਾਲ ਕਿਸਾਨਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਕਿਸਾਨਾਂ ਨੇ ਕਿਹਾ ਕਿ ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਅਜਿਹੇ ਐਲਾਨ ਕਰ ਰਹੀ ਹੈ।
ਉਧਰ ਇਸ ਮੌਕੇ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 590ਕਰੋੜ ਰੁਪਏ ਦੀ ਕਰਜ਼ਾਮਾਫ਼ੀ ਸਿਰਫ਼ ਚੋਣ ਸਟੰਟ ਹੈ। ਏਨੀ ਥੋੜੀ ਰਾਸ਼ੀ ਨਾਲ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ ਲਹਿਣ ਵਾਲਾ ਨਹੀਂ ਹੈ। ਮਜ਼ਦੂਰ ਜੱਥੇਬੰਦੀਆਂ ਲੰਬੇ ਸਮੇਂ ਤੋਂ ਮਜ਼ਦੂਰ ਔਰਤਾਂ ਸਿਰ ਖੜੇ ਫ਼ਾਈਨੈਂਸ ਕੰਪਨੀਆਂ ਦੇ ਕਰਜ਼ੇ ਸਮੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾਮਾਫ਼ੀ ਦੀ ਮੰਗ ਕਰਦੀਆਂ ਆਈਆਂ ਹਨ। ਪਰ ਅੱਜ ਸਰਕਾਰ ਦਾ ਐਲਾਨ ਮਜ਼ਦੂਰਾਂ ਨਾਲ ਮਜ਼ਾਕ ਹੈ।