ਚੰਡੀਗੜ੍ਹ, 22 ਅਗਸਤ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸੂਬੇ ਦੇ ਦਿਵਿਆਂਗਜਨਾਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦਿਵਿਆਂਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਵਿੱਚ ਦਿਵਿਆਂਗ ਵਰਗ ਨਾਲ ਸਬੰਧਤ ਖਾਲੀ ਅਤੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ, ਦਿਵਿਆਂਗ ਮੁਲਾਜ਼ਮਾਂ ਦੀ ਤਰੱਕੀ ਕਰਨ, ਦਿਵਿਆਂਗ ਖਿਡਾਰੀ ਵਰਗ ਨਾਲ ਸਬੰਧਤ ਮੰਗਾਂ, ਦਿਵਿਆਂਗ ਵਰਗ ਦੀਆਂ ਪੈਨਸ਼ਨ ਸਬੰਧੀ ਮੰਗਾਂ, ਦਿਵਿਆਂਗ ਵਰਗ ਦੇ ਇੱਕ ਸਹਿਯੋਗੀ ਨੂੰ ਮੁਫ਼ਤ ਬੱਸ ਸਫ਼ਰ, ਦਿਵਿਆਂਗਾਂ ਦੇ ਬੱਚਿਆਂ ਦੀ ਫੀਸ ਮਾਫ ਕਰਨਾ ਦੀ ਸਹੂਲਤਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦਾ ਛੇਤੀ ਹੀ ਹੱਲ ਕੱਢਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਦਾ ਜੀਵਨ ਸੁਖਾਲਾ ਬਣਾਉਣ ਲਈ ਵਚਨਬੱਧ ਹੈ। ਮੰਤਰੀ ਨੇ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀਆਂ ਜਾਇਜ ਮੰਗਾਂ ਤੇ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਐਡੀਸਨਲ ਡਾਇਰੈਕਟਰ ਸ. ਚਰਨਜੀਤ ਸਿੰਘ ਹਾਜ਼ਰ ਸਨ।