ਪੰਜਾਬ ਵੱਲੋਂ ਨਾਲੇਜ ਸਿਟੀ ਮੁਹਾਲੀ ਵਿਖੇ ਇਨਵਾਈਰਮੈਂਟ ਰਿਸੋਰਸ ਸੈਂਟਰ ਸਥਾਪਤ ਕੀਤਾ ਜਾਵੇਗਾ

0
10

ਚੰਡੀਗੜ, 31 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਵਾਤਾਵਰਣ ਦੀ ਸੰਭਾਲ ਅਤੇ ਸਥਾਈ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ  ਬਾਇਓਟੈਕਨਾਲੌਜੀ ਇਨਕਿਊਬੇਟਰ (ਪੀ.ਬੀ.ਟੀ.ਆਈ) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਨਾਲੇਜ ਸਿਟੀ ਮੁਹਾਲੀ ਵਿਖੇ ਰਲ ਕੇ ਇਨਵਾਇਰਨਮੈਂਟ ਰਿਸੋਰਸ ਸੈਂਟਰ (ਈ.ਆਰ.ਸੀ.) ਸਥਾਪਤ ਕੀਤਾ ਜਾਵੇਗਾ।  ਇਸ ਸੈਂਟਰ ਨੂੰ 7.5 ਕਰੋੜ ਰੁਪਏ ਸਥਾਪਤ ਕਰਨ ਲਈ ਇਕਰਾਰਨਾਮੇ ’ਤੇ ਪੀ.ਬੀ.ਟੀ.ਆਈ. ਵੱਲੋਂ ਸੀ.ਈ.ਓ. ਡਾ. ਅਜੀਤ ਦੂਆ ਅਤੇ ਪੀ.ਪੀ.ਸੀ.ਬੀ. ਵੱਲੋਂ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਹਸਤਾਖਰ ਕੀਤੇ। ਇਸ ਮੌਕੇ ਸਾਇੰਸ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਅਤੇ ਪੀ.ਪੀ.ਸੀ.ਬੀ. ਦੇ ਚੇਅਰਮੈਨ ਪ੍ਰੋਫੈਸਰ ਐਸ.ਐਸ. ਮਰਵਾਹਾ ਵੀ ਮੌਜੂਦ ਸਨ।  ਲੋੜ ਨੂੰ ਮੁੱਖ ਰੱਖਦੇ ਹੋਏ ਇਹ ਸੈਂਟਰ ਮੋਹਾਲੀ ਦੇ ਇੰਡਸਟਰੀਅਲ ਏਰੀਆ ਵਿਖੇ ਪੀ.ਬੀ.ਟੀ.ਆਈ. ਦੇ ਕੈਂਪ ਆਫਿਸ ਵਿਖੇ 1 ਜਨਵਰੀ ਤੋਂ ਚਾਲੂ ਕੀਤਾ ਜਾਵੇਗਾ ਤਾਂ ਜੋ ਵਾਤਾਵਰਣ ਨਾਲ ਸਬੰਧਤ ਖੋਜ, ਉਦਯੋਗ ਜਗਤ, ਸਰਕਾਰੀ ਵਿਭਾਗਾਂ, ਪੰਜਾਬ ਦੀਆਂ ਹੋਰ ਸਬੰਧਿਤ ਧਿਰਾਂ ਅਤੇ ਨਾਲ ਲਗਦੇ ਸੂਬਿਆਂ ਦੀਆਂ ਹੁਨਰ ਵਿਕਾਸ ਅਤੇ ਸਲਾਹ ਮਸ਼ਵਰੇ ਸਬੰਧੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ।  ਇਸ ਮੌਕੇ ਸਾਇੰਸ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਸੈਂਟਰ ਦੀ ਸਥਾਪਨਾ ਨਾਲ ਵਾਤਾਵਰਣ ਦੀ ਨਿਗਰਾਨੀ ਸਬੰਧੀ ਪ੍ਰਬੰਧ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਦੀ ਸਾਂਭ ਸੰਭਾਲ ਲਈ ਸੂਬੇ ਵਿੱਚ ਨੀਤੀ ਲਾਗੂ ਕੀਤੇ ਜਾਣ ਦੇ ਨਾਲ ਹੀ ਸਾਇੰਸ ਅਤੇ ਟੈਕਨਾਲੌਜੀ ਰਾਹੀਂ ਵਾਤਾਵਰਣ ਨੂੰ ਦਰਪੇਸ਼ ਮਸਲਿਆਂ ਨਾਲ ਨਜਿੱਠਣ ਦੀ ਸਮਰੱਥਾ ਵੀ ਮਜ਼ਬੂਤ ਹੋਵੇਗੀ।  ਪੀ.ਪੀ.ਸੀ.ਬੀ. ਦੇ ਚੇਅਰਮੈਨ ਡਾ. ਐਸ.ਐਸ. ਮਰਵਾਹਾ ਨੇ ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਵਿਚ ਕੋਈ ਵੀ ਅਜਿਹੀ ਸੰਸਥਾ ਨਹੀਂ ਜੋ ਕਿ ਵਾਤਾਵਰਣ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਦਯੋਗ ਜਗਤ ਅਤੇ ਹੋਰ ਸਬੰਧਤ ਧਿਰਾਂ ਦੀ ਮਦਦ ਕਰ ਸਕੇ। ਉਨਾਂ ਅੱਗੇ ਕਿਹਾ ਕਿ ਇਸ ਸੈਂਟਰ ਵੱਲੋਂ ਸੂਬਾਈ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਤਕਨੀਕੀ ਮਦਦ ਦਿੱਤੀ ਜਾਵੇਗੀ ਤਾਂ ਜੋ ਖੋਜ ਸਬੰਧੀ ਲੋੜਾਂ ਤੋਂ ਇਲਾਵਾ ਹਰੇਕ ਸੂਬੇ ਦੀ ਜ਼ਰੂਰਤ ਅਨੁਸਾਰ ਮਾਪਦੰਡ ਨਿਰਧਾਰਿਤ ਕੀਤੇ ਜਾ ਸਕਣ ਅਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਕਾਰਜਵਿਧੀ ਨਿਰਧਾਰਿਤ ਕੀਤੀ ਜਾ ਸਕੇ।  ਉਨਾਂ ਅੱਗੇ ਕਿਹਾ ਕਿ ਇਸ ਸੈਂਟਰ ਵੱਲੋਂ ਸਾਇੰਸ ਅਤੇ ਟੈਕਨਾਲੌਜੀ ਨਾਲ ਸਬੰਧਿਤ ਜਾਣਕਾਰੀ ਉਦਯੋਗਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਮੁਹੱਈਆ ਕਰਵਾਈ ਜਾ ਸਕੇ ਜਿਸ ਨਾਲ ਕਿ ਪ੍ਰਦੂਸ਼ਣ ਕੰਟਰੋਲ ਪਲਾਂਟਾਂ/ਉਪਕਰਣਾਂ/ਤਕਨੀਕਾਂ ਦੀ ਕਾਰਗੁਜਾਰੀ ਦਾ ਮੁਲਾਂਕਣ ਕੀਤਾ ਜਾ ਸਕੇ। ਇਸ ਸੈਂਟਰ ਵੱਲੋਂ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਅਤੇ ਹਵਾਈ ਪ੍ਰਦੂਸ਼ਣ ਕੰਟਰੋਲ ਉਪਕਰਣਾਂ ਨੂੰ ਚਲਾਉਣ ਵਾਲਿਆਂ, ਲੈਬਾਰੇਟਰੀ ਸਟਾਫ ਅਤੇ ਸਰਕਾਰੀ ਅਧਿਕਾਰੀਆਂ ਲਈ ਹੁਨਰ ਵਿਕਾਸ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਜਾਣਗੇ। ਇਹ ਸੈਂਟਰ ਆਪਣੇ ਟੀਚੇ ਹਾਸਲ ਕਰਨ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਸੰਗਠਨਾਂ ਨਾਲ ਤਾਲਮੇਲ ਕੀਤਾ ਜਾਵੇਗਾ।  ਡਾ. ਮਰਵਾਹ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸੈਂਟਰ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਬਾਇਓਟੈਕਨਾਲੌਜੀ ਇਨਕਿਊਬੇਟਰ ਦੇ ਸਟਾਫ ਤੋਂ ਇਲਾਵਾ ਬਾਹਰੀ ਮਾਹਿਰਾਂ ਦੀ ਮੁਹਾਰਤ ਦਾ ਫਾਇਦਾ ਸਾਰੀਆਂ ਸਬੰਧਤ ਧਿਰਾਂ ਨੂੰ ਮਿਲੇਗਾ। ਸੀ.ਈ.ਓ ਪੰਜਾਬ ਬਾਇਓਟੈਕਨਾਲੌਜੀ ਇਨਕਿਊਬੇਟਰ ਡਾ. ਅਜੀਤ ਦੂਆ ਨੇ ਦੱਸਿਆ ਕਿ ਸਮਾਂ ਬੀਤਣ ਦੇ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਮਦਦ ਨਾਲ ਇਸ ਸੈਂਟਰ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। 

NO COMMENTS