ਮਾਨਸਾ,13, ਜੂਨ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਰੀਬ ਢਾਈ ਮਹੀਨਿਆਂ ‘ਚ ਹੀ ਸੂਬੇ ‘ਚ ਵਿਗੜ ਚੁੱਕੀ ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਰੋਜਾਨਾ ਹੋ ਰਹੇ ਕਤਲਾਂ ਨੂੰ ਲੈ ਕੇ ਭਾਜਪਾ ਮਾਨਸਾ ਵਿਖੇ ਭਾਜਪਾ ਦੀ ਮੀਟਿੰਗ ਦੌਰਾਨ ਪ੍ਰਧਾਨ ਮੱਖਣ ਲਾਲ ਦੀ ਪ੍ਰਧਾਨਗੀ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਜ਼ੋਰਦਾਰ ਰੋਸ ਨਾਅਰੇਵਾਜੀ ਕੀਤੀ । ਮੀਡੀਆ ਇਨਚਾਰਜ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ‘ਤੋਂ ਅੱਜ ਤੱਕ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਨਹੀਂ ਰਿਹਾ। ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਦੇ ਨੱਕ ਹੇਠ ਗੈਂਗਸਟਰ ਅਤੇ ਅਪਰਾਧੀ ਹਰ ਰੋਜ਼ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਮੱਖਣ ਲਾਲ ਜਿਲਾ ਪ੍ਰਧਾਨ ਬੀ ਜੇ ਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ‘ਰੰਗਲਾ ਪੰਜਾਬ’ ਦੇਣ ਦਾ ਝੂਠਾ ਵਾਦਾ ਕਰਕੇ ਪੰਜਾਬ ਦੀ ਸੱਤਾ ‘ਤੇ ਕਬਜਾ ਕੀਤਾ ਸੀ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਰੰਗਲਾ ਪੰਜਾਬ ਤਾਂ ਨਹੀਂ, ‘ਦੰਗਲਾ ਤੇ ਖੂਨੀ ਪੰਜਾਬ’ ਹੀ ਜਨਤਾ ਨੂੰ ਦਿੱਤਾ ਹੈ। ਪੰਜਾਬ ਵਿੱਚ ਬੇਲਗਾਮ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਨਿੱਤ ਦਿਨ ਕਤਲ, ਡਾਕੇ, ਲੁੱਟਾਂ-ਖੋਹਾਂ, ਗੋਲੀ ਕਾਂਡ ਆਦਿ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਮੇਤ ਚਾਰ ਹੋਰ ਕਬੱਡੀ ਖਿਡਾਰੀਆਂ ਦੇ ਕਤਲ, ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ, ਅਤੇ ਹੁਣ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਪੁਲਿਸ ਦੇ ਸਾਹਮਣੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਭਗਵੰਤ ਮਾਨ ਅਜੇ ਵੀ ਅਖਬਾਰਾਂ ਵਿੱਚ ‘ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ’ ਦਾ ਬਿਆਨ ਦੇ ਕੇ ਆਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਕੈਬਨਿਟ ਮੰਤਰੀ ਸੜਕਾਂ ‘ਤੇ ਗੱਡੀਆਂ ‘ਚ ਸਟੰਟ ਕਰਦੇ ਫਿਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਰਬੜ ਸਟੈਂਪ ਬਣ ਕੇ ਕੰਮ ਕਰ ਰਹੇ ਹਨ। ਕੇਜਰੀਵਾਲ ਅਤੇ ਚੱਢਾ ਲਈ ਦਿੱਲੀ ਤੋਂ ਲਏ ਗਏ ਫੈਸਲਿਆਂ ਨੂੰ ਭਗਵੰਤ ਮਾਨ ਪੰਜਾਬ ਵਿਚ ਲਾਗੂ ਕਰ ਰਹੇ ਹਨ, ਜਿਸ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ, ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਸੁਰੱਖਿਆ ਦੇਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਪੰਜਾਬ ‘ਚ ਅਪਰਾਧੀ ਅਤੇ ਗੈਂਗਸਟਰ ਬਿਨਾਂ ਕਿਸੇ ਡਰ ਦੇ ਅਪਰਾਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਸਰਕਾਰ ‘ਚ ਅਜਿਹਾ ਨਹੀਂ ਹੋਇਆ ਕਿ ਪੰਜਾਬ ਦੀ ਪੁਲਸ ਕਿਸੇ ਹੋਰ ਸੂਬੇ ‘ਚ ਉਥੋਂ ਦੇ ਉਥੇ ਮੁੱਖ ਮੰਤਰੀ ਜਾਂ ਕਿਸੇ ਹੋਰ ਆਗੂ ਨੂੰ ਸੁਰੱਖਿਆ ਦੇਣ ਲਈ ਤਾਇਨਾਤ ਕੀਤੀ ਗਈ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੂਬੇ ਵਿੱਚ ਹੋ ਰਹੇ ਪ੍ਰੋਗਰਾਮਾਂ ਲਈ ਕੇਂਦਰ ਸਰਕਾਰ ਤੋਂ ਅਰਧ ਸੈਨਿਕ ਬਲ ਮੰਗਵਾ ਕੇ ਪੰਜਾਬ ਦੇ ਖ਼ਜ਼ਾਨੇ ’ਤੇ ਵਾਧੂ ਵਿੱਤੀ ਬੋਝ ਪਾ ਰਹੇ ਹਨ। ਸਤੀਸ਼ ਗੋਇਲ ਸਟੇਟ ਮੈਂਬਰ ਬੀ ਜੇ ਪੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਕਿਸੇ ਪਿਛਲੀ ਸਰਕਾਰ ਵੇਲੇ ਵੀ ਇੰਨੇ ਮਾੜੇ ਨਹੀਂ ਸਨ। ਹੁਣ ਲੋਕਾਂ ‘ਚ ਇੰਨੀ ਦਹਿਸ਼ਤ ਫੈਲ ਗਈ ਹੈ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਸਵੇਰੇ ਘਰੋਂ ਬਾਹਰ ਜਾਂਦਾ ਹੈ ਤਾਂ ਉਹ ਦਿਨ ‘ਚ ਦਸ ਵਾਰ ਉਸਨੂੰ ਫੋਨ ਕਰਕੇ ਉਸ ਦਾ ਹਾਲ-ਚਾਲ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇੱਕ ਨੌਸੀਖਿਏ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਨਰਕ ਬਣਾਉਣ ਦੀ ਪੌੜੀ ਦੇ ਤੇਜੀ ਨਾਲ ਚੜ੍ਹਾਈ ਕਰ ਰਹੇ ਹਨ, ਜਿਸ ਦਾ ਨਤੀਜਾ ਪੰਜਾਬ ਲਈ ਬਹੁਤ ਭਿਆਨਕ ਨਜ਼ਰ ਆ ਰਿਹਾ ਹੈ। ਕਿਉਂਕਿ ਇੱਕ ਪਾਸੇ ਗੈਂਗਸਟਰ, ਦੂਜੇ ਪਾਸੇ ਅਪਰਾਧੀ ਅਤੇ ਤੀਸਰੇ ਪਾਸੇ ਖਾਲਿਸਤਾਨੀ ਪੰਨੂੰ ਅਤੇ ਉਸ ਦੇ ਸਮਰਥਕ ਹਨ, ਜੋ ਸੂਬਾ ਸਰਕਾਰ ਨੂੰ ਦਿਨ-ਰਾਤ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੇ ਹਨ। ਹੁਣ ਤਾਂ ਜਨਤਾ ਨੂੰ ਵੀ ਪਤਾ ਲੱਗ ਗਿਆ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਝਾਂਸੇ ‘ਚ ਆ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ। ਰੋਹਿਤ ਬਾਂਸਲ ਮੰਡਲ ਪ੍ਰਧਾਨ ਮਾਨਸਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਆਪਣੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਉਣਾ ਜਾਣਦੀ ਹੈ। ਭਾਜਪਾ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੰਘਰਸ਼ ਦਾ ਰਾਹ ਅਪਣਾਉਂਦੀ ਰਹੀ ਹੈ ਉਨ੍ਹਾਂ ਕਿਹਾ ਕਿ ਭਾਜਪਾ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੀ ਰਹੇਗੀ।