*ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੀ ਅਨਾਜ ਦੀ ਸਾਂਭ ਸੰਭਾਲ ਲਈ ਬਣਾਏ ਸਾਈਲੋਆਂ*

0
7

ਮਾਨਸਾ 11 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੀ ਅਨਾਜ ਦੀ ਸਾਂਭ ਸੰਭਾਲ ਲਈ ਬਣਾਏ ਸਾਈਲੋਆਂ ਨੂੰ ਜਬਤ ਕਰਨ ਅਤੇ ਹੋਰ ਸਾਈਲੋਆਂ ਦੀ ਉਸਾਰੀ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ, ਮਜਦੂਰਾਂ, ਔਰਤਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਨੇੜੇ ਧਰਨਾ ਦੇ ਕੇ ਪੰਜਾਬ ਸਰਕਾਰ ਤੋਂ ਇਹ ਜੋਰਦਾਰ ਮੰਗ ਕੀਤੀ । ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੋ ਕੇਂਦਰ ਦੀ ਮੋਦੀ ਹਕੂਮਤ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਸੀ ਉਸ ਵਿੱਚ ਵੀ ਸਰਕਾਰੀ ਮੰਡੀਆਂ ਤੋੜਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਮੰਡੀਆਂ ਸਥਾਪਿਤ ਕਰਨ, ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦੇਣਾ ਸ਼ਾਮਿਲ ਸੀ ਜਿਸ ਨੂੰ ਰੱਦ ਕਰਵਾਉਣ ਲਈ ਸਵਾ ਸਾਲ ਚੱਲੇ ਸੰਘਰਸ਼ ਵਿੱਚ 750 ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ । ਪਹਿਲਾਂ 26 ਮੰਡੀਆਂ ਤੋੜ ਕੇ ਸਾਈਲੋਆਂ ਨੂੰ ਖਰੀਦ ਕੇਂਦਰ ਘੋਸ਼ਿਤ ਕੀਤਾ ਗਿਆ ਜਿਸ ਨੂੰ ਕਿਸਾਨਾਂ ਦੇ ਸੰਘਰਸ਼ ਸਦਕਾ ਇੱਕ ਵਾਰ ਸਰਕਾਰ ਨੇ ਵਾਪਿਸ ਲੈ ਲਿਆ ਹੈ ਪਰ ਕਿਸੇ ਨਾ ਕਿਸੇ ਬਹਾਨੇ ਇਸ ਨੀਤੀ ਨੂੰ ਹਰ ਅੱਗੇ ਤੋਰਨ ਲਈ ਕਦਮ ਵਧਾਏ ਜਾ ਰਹੇ ਹਨ । ਜਿਸ ਤਹਿਤ 14 ਹੋਰ ਵੱਡੇ ਸਾਈਲੋ ਉਸਾਰਨ ਦੀ ਮਨਜੂਰੀ ਪੰਜਾਬ ਸਰਕਾਰ ਅਡਾਨੀਆਂ, ਅੰਬਾਨੀਆਂ ਨੂੰ ਦੇਣ ਜਾ ਰਹੀ ਹੈ । ਅਸਲ ਵਿੱਚ ਅਜਿਹਾ ਕਰਕੇ ਸਰਕਾਰ ਪੰਜਾਬ ਮੰਡੀ ਬੋਰਡ ਦਾ ਖਾਤਮਾ ਕਰਕੇ ਜਿਨਸਾਂ ਦੀ ਐਮ.ਐਸ.ਪੀ. ਅਤੇ ਸਰਕਾਰੀ ਖਰੀਦ ਦਾ ਭੋਗ ਪਾਉਣਾ ਚਾਹੁੰਦੀ ਹੈ । ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮੰਦੀ ਹੋਵੇਗੀ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਲੱਖਾਂ ਮਜਦੂਰ ਜੋ ਮੰਡੀਆਂ ਵਿੱਚ ਕੰਮ ਕਰਦੇ ਹਨ ਉਹਨਾਂ ਦਾ ਕੰਮ ਅਤੇ ਅਨਾਜ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਓਪਰੇਟਰਾਂ ਦਾ ਧੰਦਾ ਖਤਮ ਹੋਵੇਗਾ । ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਜੋ WTO ਦੀ ਹਦਾਇਤਾਂ ਅਨੁਸਾਰ ਲਿਆਂਦੀਆਂ ਜਾ ਰਹੀਆਂ ਹਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਬਲਵੰਤ ਸਿੰਘ ਰੜ, ਜਸਵਿੰਦਰ ਕੌਰ ਝੇਰਿਆਂਵਾਲੀ, ਸਰੋਜ ਰਾਣੀ ਦਿਆਲਪੁਰਾ, ਨਰਿੰਦਰ ਕੌਰ ਆਹਲੁਪੁਰ ਨੇ ਵੀ ਸੰਬੋਧਨ ਕੀਤਾ।

NO COMMENTS