*ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੋਣਗੇ ਦਿੱਗਜਾਂ ਦੇ ਟਾਕਰੇ, ਕਾਂਗਰਸ ਨੇ ਬਣਾ ਰਹੀ ਇਹ ਪਲਾਨਿੰਗ*

0
108

ਚੰਡੀਗੜ੍ਹ  21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ, ਉੱਥੇ ਹੀ ਆਪਣੇ ਅੰਦਰੂਨੀ ਕਲੇਸ਼ ਤੋਂ ਪ੍ਰੇਸ਼ਾਨ ਪੰਜਾਬ ਕਾਂਗਰਸ ਵੀ ਚੋਣਾਂ ਨੂੰ ਲੈ ਕੇ ਅਹਿਮ ਫੈਸਲਾ ਲੈਣ ‘ਤੇ ਵਿਚਾਰ ਕਰ ਰਹੀ ਹੈ। ਪੰਜਾਬ ਕਾਂਗਰਸ ਵੱਲੋਂ ਵਿਰੋਧੀ ਪਾਰਟੀ ਦੇ ਦਿੱਗਜ ਨੇਤਾਵਾਂ ਦੇ ਮੁਕਾਬਲੇ ਆਪਣੇ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਇਸ ਵਾਰ ਦਿਲਚਸਪ ਮੁਕਾਬਲਾ ਹੋਏਗਾ।

ਪੰਜਾਬ ਕਾਂਗਰਸ ਦੇ ਇੱਕ ਆਗੂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਆਗੂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀ ਦੇ ਦਿੱਗਜ ਨੇਤਾਵਾਂ ਖਿਲਾਫ਼ ਚੋਣ ਮੈਦਾਨ ਵਿੱਚ ਉਤਰਨ। ਇਸ ਲਈ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਮਲਾਵਰ ਮੁਹਿੰਮ ਤਿਆਰ ਕਰਨ ‘ਤੇ ਵਿਚਾਰ ਕਰ ਰਹੀ ਹੈ।

ਇਸ ਦੌਰਾਨ ਕਾਂਗਰਸ ਦੇ ਇੱਕ ਆਗੂ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਕੁਝ ਵੱਖਰਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਜੋ ਸਰਵੇਖਣ ਸਾਹਮਣੇ ਆ ਰਹੇ ਹਨ, ਉਹ ਪਾਰਟੀ ਲਈ ਚੰਗੀ ਸੰਕੇਤ ਨਹੀਂ ਦੇ ਰਹੇ। ਇਸ ਲਈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ਼ ਵੱਡੇ ਲੀਡਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਕੋਈ ਮਾੜੀ ਗੱਲ ਨਹੀਂ।

ਅਜਿਹਾ ਕਰਨ ਨਾਲ ਵਿਰੋਧੀ ਪਾਰਟੀਆਂ ਦੇ ਦਿੱਗਜ ਨੇਤਾ ਆਪਣੀਆਂ ਸੀਟਾਂ ‘ਤੇ ਉਲਝ ਜਾਣਗੇ ਤੇ ਪੂਰੇ ਸੂਬੇ ‘ਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਵਿਰੋਧੀ ਦਿੱਗਜਾਂ ਖਿਲਾਫ਼ ਕਾਂਗਰਸ ਪਾਰਟੀ ਦੇ ਵੱਡੇ ਨੇਤਾਵਾਂ ਦਾ ਉਤਰਨਾ ਪੰਜਾਬ ਕਾਂਗਰਸ ਨੂੰ ਮਜ਼ਬੂਤੀ ਦੇ ਸਕਦਾ ਹੈ।

ਕਾਂਗਰਸ ਨੇ 2014 ‘ਚ ਵੀ ਖੇਡਿਆ ਸੀ ਅਜਿਹਾ ਦਾਅ

ਦੱਸਣਯੋਗ ਹੈ ਕਿ ਕਾਂਗਰਸ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਜਿਹਾ ਹੀ ਦਾਅ ਖੇਡ ਚੁੱਕੀ ਹੈ। ਕਾਂਗਰਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ ਤੇ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਲੋਕ ਸਭਾ ਚੋਣ ਨਹੀਂ ਲੜਨਾ ਚਾਹੁੰਦੇ ਸਨ ਪਰ ਉਹ ਅੰਮ੍ਰਿਤਸਰ ਤੋਂ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਹਰਾਉਣ ਵਿੱਚ ਕਾਮਯਾਬ ਰਹੇ ਸਨ।

ਹਾਲਾਂਕਿ ਇਸ ਵੇਲੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਸਵੀਰ 2014 ਦੇ ਮੁਕਾਬਲੇ ਬਿਲਕੁਲ ਵੱਖਰੀ ਹੈ ਪਰ ਕਾਂਗਰਸ ਪਾਰਟੀ ਵੱਲੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬਿਕਰਮ ਮਜੀਠੀਆ ਖਿਲਾਫ਼ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ, ਜਿਸ ਨਾਲ ਕਾਂਗਰਸ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।

NO COMMENTS