*ਪੰਜਾਬ ਲਈ ਖ਼ਤਰੇ ਦੀ ਘੰਟੀ..! ਮਈ ਦੇ ਪਹਿਲੇ ਹਫਤੇ ਹੀ 62,000 ਨਵੇਂ ਕੇਸ, ਪਿਛਲੇ ਸਾਲ ਦਾ ਵੀ ਟੁੱਟਾ ਰਿਕਾਰਡ*

0
58

ਚੰਡੀਗੜ੍ਹ10, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਕੋਵਿਡ-19 ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਮਹੀਨੇ ਦੇ ਸਿਰਫ਼ ਪਹਿਲੇ ਅੱਠ ਦਿਨਾਂ ਦੌਰਾਨ ਹੀ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 62,000 ਨਵੇਂ ਮਾਮਲੇ ਸਾਹਮਣੇ ਆਏ ਤੇ 1,300 ਵਿਅਕਤੀਆਂ ਨੂੰ ਇਸੇ ਵਾਇਰਸ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ।

ਸਿਹਤ ਮਾਹਿਰਾਂ ਅਨੁਸਾਰ ਅਗਲੇ ਦੋ ਹਫ਼ਤਿਆਂ ਦੌਰਾਨ ਪੰਜਾਬ ’ਚ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਸਕਦੇ ਹਨ। ਬੀਤਿਆ ਅਪ੍ਰੈਲ ਮਹੀਨਾ ਪੰਜਾਬ ਲਈ ਸਭ ਤੋਂ ਭੈੜਾ ਸਿੱਧ ਹੋਇਆ ਹੈ; ਜਿਸ ਦੌਰਾਨ 1.31 ਲੱਖ ਨਵੇਂ ਕੇਸ ਸਾਹਮਣੇ ਆਏ ਤੇ 2,100 ਮੌਤਾਂ ਹੋਈਆਂ। ਮਾਹਿਰਾਂ ਅਨੁਸਾਰ ਮਈ ਮਹੀਨੇ ਦੌਰਾਨ ਪੰਜਾਬ ’ਚ ਅਪ੍ਰੈਲ ਮਹੀਨੇ ਦੇ ਰਿਕਾਰਡ ਟੁੱਟ ਜਾਣਗੇ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਦੌਰਾਨ ਪੰਜਾਬ ’ਚ 60,000 ਮਾਮਲੇ ਸਾਹਮਣੇ ਆਏ ਸਨ ਤੇ 1,954 ਮੌਤਾਂ ਹੋਈਆਂ ਸਨ।

ਮਾਹਿਰਾਂ ਅਨੁਸਾਰ ਪੰਜਾਬ ਵਿੱਚ ਦੂਜੀ ਲਹਿਰ ਦਾ ਸਿਖ਼ਰ ਹਾਲੇ ਆਉਣਾ ਹੈ। ਇਹ ਸਿਖ਼ਰ ਰੋਜ਼ਾਨਾ 10,000 ਮਾਮਲਿਆਂ ਨੂੰ ਵੀ ਪਾਰ ਕਰ ਸਕਦਾ ਹੈ। ਇਸ ਵੇਲੇ ਰਾਜ ਵਿੱਚ 8,000 ਤੋਂ 9,000 ਮਾਮਲੇ ਸਾਹਮਣੇ ਆ ਰਹੇ ਹਨ ਤੇ ਰੋਜ਼ਾਨਾ 150 ਤੋਂ 200 ਮੌਤਾਂ ਹੋ ਰਹੀਆਂ ਹਨ। ਮੌਤਾਂ ਤੇ ਨਵੇਂ ਮਾਮਲਿਆਂ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਪਿਛਲੇ ਹਫ਼ਤੇ ਭਾਵ 1 ਮਈ ਤੋਂ 8 ਮਈ ਦੌਰਾਨ ਕੋਰੋਨਾ ਦੀ ਛੂਤ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਰੋਜ਼ਾਨਾ 2 ਫ਼ੀ ਸਦੀ ਔਸਤ ਦੀ ਦਰ ਨਾਲ ਵਾਧਾ ਹੋ ਰਿਹਾ ਹੈ। ਇਸ ਸਥਿਤੀ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਪੰਜਾਬ ਵਿੱਚ ਇਸ ਵੇਲੇ 71,948 ਸਰਗਰਮ ਮਾਮਲੇ ਹਨ ਭਾਵ ਇੰਨੇ ਮਰੀਜ਼ ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਪਿਛਲੇ ਸਾਲ ਪਹਿਲੀ ਲਹਿਰ ਦੌਰਾਨ ਸਰਗਰਮ ਮਾਮਲਿਆਂ ਦੀ ਗਿਣਤੀ 20,000 ਦੇ ਲਗਪਗ ਸੀ।

NO COMMENTS