*ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਸੂ-ਮੋਟੋ ਨੋਟਿਸ ਜਾਰੀ*

0
25

ਚੰਡੀਗੜ੍ਹ , 14 ਦਸੰਬਰ,(ਸਾਰਾ ਯਹਾਂ/ਬਿਊਰੋ ਨਿਊਜ਼)

ਪੰਜਾਬ ਰਾਜ ਮਹਿਲਾ ਕਮਿਸ਼ਨ “ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001” ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਰਾਜ ਲਾਲੀ ਗਿੱਲ ਵੱਲੋਂ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇੱਕ ਰਾਜਨੀਤਿਕ ਪਾਰਟੀ ਦੀ ਨੇਤਾ ਬੀਬੀ ਜਗੀਰ ਕੌਰ ਵਿਰੁੱਧ ਬਹੁਤ ਹੀ ਅਪਮਾਨਜਨਕ ਟਿੱਪਣੀ ਅਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਸੂ-ਮੋਟੋ ਨੋਟਿਸ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਔਰਤਾਂ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਅਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ, ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ।

ਚੇਅਰਪਰਸਨ ਵੱਲੋਂ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਸ੍ਰੀ ਧਾਮੀ ਵੱਲੋਂ ਇੱਕ ਪੱਤਰਕਾਰ ਨਾਲ ਟੈਲੀਫੋਨ ‘ਤੇ ਗੱਲਬਾਤ ਦੌਰਾਨ, ਉਨ੍ਹਾਂ ਵੱਲੋਂ ਔਰਤ ਭਾਈਚਾਰੇ ਦੀ ਇੱਕ ਮੈਂਬਰ ਬੀਬੀ ਜਗੀਰ ਕੌਰ ਨੂੰ ਸੰਬੋਧਨ ਕਰਦੇ ਸਮੇਂ, ਬਹੁਤ ਹੀ ਅਪਮਾਨਜਨਕ ਅਤੇ ਅਣਮਨੁੱਖੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹੀ ਭਾਸ਼ਾ ਅਤੇ ਟਿੱਪਣੀ ਨਾ ਸਿਰਫ ਇੱਕ ਵਿਅਕਤੀਗਤ ਔਰਤ ਨੂੰ ਬਦਨਾਮ ਕਰਦੀ ਹੈ ਬਲਕਿ ਸਮੁੱਚੀ ਔਰਤ ਜਾਤੀ ਦਾ ਵੀ ਨਿਰਾਦਰ ਕਰਦੀ ਹੈ।

 ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਕਿਹਾ ਗਿਆ ਕਿ ਸ੍ਰੀ ਧਾਮੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਇੱਕ ਮਹੱਤਵਪੂਰਨ ਅਤੇ ਬਹੁਤ ਹੀ ਸਤਿਕਾਰਤ ਅਹੁਦੇ ‘ਤੇ ਬਿਰਾਜਮਾਨ ਹੋਣ ਦੇ ਨਾਤੇ, ਉਨ੍ਹਾਂ ਦੇ ਆਚਰਨ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮੁੱਚੀ ਮਨੁੱਖ ਜਾਤੀ ਦੇ ਸਤਿਕਾਰ ਅਤੇ ਮਰਿਆਦਾ ਦੇ ਉਚੱਤਮ ਮਿਆਰਾਂ ਨੂੰ ਦਰਸਾਏਗਾ। ਅਜਿਹੇ ਮਾਮਲੇ ਵਿੱਚ ਅਜਿਹੀ ਅਪਮਾਨਜਨਕ ਭਾਸ਼ਾ ਅਤੇ ਟਿੱਪਣੀ ਦੀ ਵਰਤੋਂ, ਉਨ੍ਹਾਂ ਦੇ ਅਹੁਦੇ ਲਈ ਅਣਉਚਿਤ ਅਤੇ ਸਮਾਜ ਨੂੰ ਇੱਕ ਨੁਕਸਾਨਦੇਹ ਸੰਦੇਸ਼ ਦਿੰਦੀ ਹੈ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਕਿਹਾ ਗਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਾਰੀ ਜਾਤੀ ਦੇ ਸਨਮਾਨ ਵਿੱਚ ਕਿਹਾ ਗਿਆ ਹੈ ਕਿ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਉਨ੍ਹਾਂ ਵੱਲੋਂ ਨਾਰੀ ਜਾਤੀ ਦੇ ਕੀਤੇ ਗਏ ਅਪਮਾਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਸ਼੍ਰੀ ਧਾਮੀ ਵੱਲੋਂ ਔਰਤਾਂ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਲਈ ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਸਬੰਧੀ ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸੂ-ਮੂਟੋ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 4 ਦਿਨਾਂ ਦੇ ਅੰਦਰ ਮਿਤੀ 17 ਦਸੰਬਰ 2024 ਤੱਕ ਉਕਤ ਆਡੀਓ ਰਿਕਾਰਡਿੰਗ ਸਬੰਧੀ ਸ੍ਰੀ ਧਾਮੀ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਅਤੇ ਬਿਆਨ ਕਮਿਸ਼ਨ ਦੇ ਦਫਤਰ (ਪੰਜਾਬ ਰਾਜ ਮਹਿਲਾ ਕਮਿਸ਼ਨ, ਐਸ.ਸੀ.ਓ. ਨੰ:5, ਸੈਕਟਰ-55, ਫੇਜ਼-1, ਐਸ.ਏ.ਐਸ.ਨਗਰ (ਮੋਹਾਲੀ)) ਵਿਖੇ ਹਾਜਰ ਹੋ ਕੇ ਦੇਣ ਲਈ ਕਿਹਾ ਗਿਆ ਹੈ।

ਮਹਿਲਾ ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਧਾਮੀ ਵੱਲੋਂ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਇਸ ਦਫਤਰ ਵਿਖੇ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਕਮਿਸ਼ਨ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਉਨ੍ਹਾਂ ਖਿਲਾਫ ਢੁੱਕਵੀਂ ਕਾਰਵਾਈ ਲਈ ਸਬੰਧਤ ਅਥਾਰਟੀਆਂ ਨੂੰ ਸਿਫਾਰਿਸ਼ ਕਰ ਦਿੱਤੀ ਜਾਵੇਗੀ।

NO COMMENTS