*ਪੰਜਾਬ ਰਾਜਪਾਲ ਵੱਲੋਂ ਪੰਜਾਬ ‘ਚ ਨਵੀਂ ਬਣੀ ਵਜ਼ਾਰਤ ਨੂੰ ਮਹਿਕਮਿਆਂ ਦੀ ਵੰਡ*

0
34

ਚੰਡੀਗੜ੍ਹ 28 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਸਲਾਹ ਅਤੇ ਸਿਫਾਰਸ਼ ਉਤੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਕੋਲ ਪ੍ਰਸੋਨਲ, ਵਿਜੀਲੈਂਸ, ਆਮ ਪ੍ਰਸ਼ਾਸਨ, ਨਿਆਂ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤੇ ਲੋਕ ਸੰਪਰਕ, ਵਾਤਾਵਰਨ, ਮਾਈਨਿੰਗ ਤੇ ਜੀਓਲੋਜੀ, ਸ਼ਹਿਰੀ ਹਵਾਬਾਜ਼ੀ, ਆਬਕਾਰੀ, ਇਨਵੈਸਟਮੈਂਟ ਪ੍ਰੋਮੋਸ਼ਨ, ਪ੍ਰਾਹੁਣਚਾਰੀ, ਊਰਜਾ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮਹਿਕਮੇ ਰਹਿਣਗੇ। ਇਸ ਤੋਂ ਇਲਾਵਾ ਕਿਸੇ ਹੋਰ ਮੰਤਰੀ ਨੂੰ ਅਲਾਟ ਨਾ ਹੋਏ ਮਹਿਕਮੇ ਵੀ ਮੁੱਖ ਮੰਤਰੀ ਕੋਲ ਹੀ ਰਹਿਣਗੇ।

ਇਸੇ ਦੌਰਾਨ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮਾਮਲੇ, ਸਹਿਕਾਰਤਾ ਅਤੇ ਜੇਲ੍ਹਾਂ ਰਹਿਣਗੇ ਜਦਕਿ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਭਲਾਈ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਏ ਦੇ ਮਹਿਕਮੇ ਅਲਾਟ ਕੀਤੇ ਗਏ ਹਨ।

ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਨ ਅਲਾਟ ਕੀਤੇ ਗਏ ਹਨ ਜਦਕਿ ਕੈਬਿਨਟ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ, ਕਰ, ਗਵਰਨੈਂਸ ਰਿਫਾਰਮਜ਼, ਯੋਜਨਾਬੰਦੀ ਅਤੇ ਪ੍ਰੋਗਰਾਮ ਲਾਗੂਕਰਨ ਦੇ ਮਹਿਕਮਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਮਹਿਕਮੇ ਅਲਾਟ ਹੋਏ ਹਨ ਜਦਕਿ ਸ੍ਰੀਮਤੀ ਅਰੁਣਾ ਚੌਧਰੀ ਨੂੰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ. ਸੁਖਬਿੰਦਰ ਸਿੰਘ ਸਰਕਾਰੀਆ ਨੂੰ ਜਲ ਸਰੋਤ ਅਤੇ ਮਕਾਨ ਤੇ ਸ਼ਹਿਰੀ ਵਿਕਾਸ ਦੇ ਮਹਿਕਮੇ ਅਲਾਟ ਹੋਏ ਹਨ ਅਤੇ ਸ. ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉਤਪਤੀ ਤੇ ਸਿਖਲਾਈ, ਬਾਗਬਾਨੀ ਅਤੇ ਭੌਂ ਤੇ ਜਲ ਸੰਭਾਲ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਦੇ ਮਹਿਕਮੇ ਅਲਾਟ ਕੀਤੇ ਗਏ ਹਨ ਜਦਕਿ ਸ੍ਰੀ ਵਿਜੈ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦਾ ਮਹਿਕਮਾ ਅਲਾਟ ਕੀਤਾ ਗਿਆ ਹੈ।

ਸ. ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ ਜਦਕਿ ਡਾ. ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਦੇ ਮਹਿਕਮੇ ਅਲਾਟ ਕੀਤੇ ਗਏ ਹਨ। ਸ. ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸ. ਪਰਗਟ ਸਿੰਘ ਨੂੰ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਯੁਵਕ ਮਾਮਲੇ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮਹਿਕਮੇ ਅਲਾਟ ਕੀਤੇ ਗਏ ਹਨ। ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਜਦਕਿ ਸ. ਗੁਰਕੀਰਤ ਸਿੰਘ ਕੋਟਲੀ ਨੂੰ ਉਦਯੋਗ ਤੇ ਵਪਾਰ, ਸੂਚਨਾ ਤਕਨਾਲੋਜੀ ਅਤੇ ਵਿਗਿਆਨ ਤੇ ਤਕਨਾਲੋਜੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

NO COMMENTS