*ਪੰਜਾਬ ਪੁਲਿਸ 4358 ਕਾਂਸਟੇਬਲਾਂ ਦੀ ਭਰਤੀ ਲਈ ਪਾਰਦਰਸ਼ੀ ਅਤੇ ਨਿਰਪੱਖ ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਤਿਆਰ*

0
59

ਚੰਡੀਗੜ੍ਹ, 23 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਅਤੇ ਆਰਮਡ ਕਾਡਰਾਂ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ 4.71 ਲੱਖ ਤੋਂ ਵੱਧ ਉਮੀਦਵਾਰ ਦੇ ਆਉਣ ਦੀ ਸੰਭਾਵਨਾ ਨਾਲ, ਪੰਜਾਬ ਪੁਲਿਸ ਇਸ ਵਿਸ਼ਾਲ ਭਰਤੀ ਮੁਹਿੰਮ ਅਧੀਨ ਪ੍ਰੀਖਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਏਡੀਜੀਪੀ-ਕਮ-ਕਾਂਸਟੇਬਲਾਂ ਲਈ ਕੇਂਦਰੀ ਭਰਤੀ ਬੋਰਡ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਆਰਮਡ ਕਾਡਰ ਵਿੱਚ ਕਾਂਸਟੇਬਲ ਦੀਆਂ 4358 ਅਸਾਮੀਆਂ ਲਈ 4,71,007 ਉਮੀਦਵਾਰਾਂ ਨੂੰ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 25 ਅਤੇ 26 ਸਤੰਬਰ 2021 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾ ਰਹੀ ਹੈ, ਜਿਸ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਦੀਆਂ ਸ਼ਿਫਟਾਂ ਸ਼ਾਮਲ ਹਨ।
ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ, “ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਪ੍ਰੀਖਿਆਵਾਂ ਦੇ ਆਯੋਜਨ ਨੂੰ ਯਕੀਨੀ ਬਣਾਉਣ ਲਈ, ਸੂਬੇ ਭਰ ਵਿੱਚ 187 ਪ੍ਰੀਖਿਆ ਕੇਂਦਰ ਨਿਰਧਾਰਤ ਕੀਤੇ ਗਏ ਹਨ ਅਤੇ ਇਹਨਾਂ ਕੇਂਦਰਾਂ ਵਿੱਚ ਸਬੰਧਤ ਜ਼ਿਲ੍ਹਿਆਂ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਚੁੱਕੇ ਹਨ।”
ਉਨ੍ਹਾਂ ਕਿਹਾ ਕਿ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਬੋਰਡ ਵੱਲੋਂ ਫ਼ਿਜ਼ੀਕਲ ਟਰਾਇਲ ਅਤੇ ਦਸਤਾਵੇਜ਼ਾਂ ਦੀ ਤਸਦੀਕ ਲਈ ਬੁਲਾਇਆ ਜਾਵੇਗਾ।
ਪਾਰਦਰਸ਼ੀ ਅਤੇ ਨਿਰਪੱਖ ਪ੍ਰੀਖਿਆਵਾਂ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ
ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਸਾਰੀਆਂ ਪ੍ਰੀਖਿਆਵਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਯੋਜਿਤ ਹੋ ਰਹੀਆਂ ਹਨ, ਪੰਜਾਬ ਪੁਲਿਸ ਨੇ ਇਨ੍ਹਾਂ ਪ੍ਰੀਖਿਆਵਾਂ ਨੂੰ ਆਯੋਜਿਤ ਕਰਨ ਲਈ ਇੱਕ ਮਸ਼ਹੂਰ ਆਈਟੀ ਸਲਾਹਕਾਰ ਕੰਪਨੀ ਨਿਯੁਕਤ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਲਿਖਤੀ ਪ੍ਰੀਖਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਬਣਾਈ ਰੱਖਣ ਲਈ ਇਹ ਕੰਪਨੀ ਸਖ਼ਤ ਸੁਰੱਖਿਆ ਉਪਾਅ ਯਕੀਨੀ ਬਣਾ ਰਹੀ ਹੈ।
ਹਾਲਾਂਕਿ, ਲਿਖਤੀ ਪ੍ਰੀਖਿਆਵਾਂ ਦੇ ਸੰਬੰਧ ਵਿੱਚ ‘ਕਰਨ ਵਾਲੇ ਅਤੇ ਨਾ ਕਰਨ ਵਾਲੇ ਕੰਮਾਂ’ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੰਜਾਬ ਪੁਲਿਸ ਦੇ ਅਧਿਕਾਰਤ ਪੇਜਾਂ ਰਾਹੀਂ ਵਿਆਪਕ ਤੌਰ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਏਡੀਜੀਪੀ ਨੇ ਦੁਹਰਾਉਂਦਿਆਂ ਕਿਹਾ ਕਿ ਸਾਰੇ ਉਮੀਦਵਾਰ ਸਮੇਂ ਸਿਰ ਆਪਣੇ ਸਬੰਧਤ ਪ੍ਰੀਖਿਆ ਕੇਂਦਰ ਵਿੱਚ ਪਹੁੰਚਣ, ਨਹੀਂ ਤਾਂ ਗੇਟ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਮੀਦਵਾਰ ਪ੍ਰੀਖਿਆ ਵਿੱਚ ਦਾਖਲ ਹੋਣ ਲਈ ਆਪਣਾ ਐਡਮਿਟ ਕਾਰਡ, ਇੱਕ ਪਾਸਪੋਰਟ ਸਾਈਜ਼ ਰੰਗੀਨ ਫੋਟੋ, ਅਸਲ ਪਛਾਣ ਪੱਤਰ ਜਿਵੇਂ ਕਿ ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਵੋਟਰ ਆਈਡੀ ਕਾਰਡ ਨਾਲ ਲੈ ਕੇ ਆਉਣ।
ਏਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਇੰਟਰਨੈਟ ਜਾਂ ਬਲੂਟੁੱਥ ਕਨੈਕਟੀਵਿਟੀ ਨੂੰ ਰੋਕਣ ਲਈ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਜਾਂਚ ਲਈ ਅਤੇ ਪ੍ਰੀਖਿਆ ਦੌਰਾਨ ਚੌਕਸੀ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਨਕਲ ਜਾਂ ਕੋਈ ਹੋਰ ਜਾਲਸ਼ਾਜੀ ਵਾਲੀਆਂ ਗਤੀਵਿਧੀਆਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ, ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਕੁਝ ਧੋਖੇਬਾਜ਼ ਅਤੇ ਘੁਟਾਲੇਬਾਜ਼, ਭੋਲੇ-ਭਾਲੇ ਵਿਅਕਤੀਆਂ ਨੂੰ ਧੋਖਾ ਦੇ ਕੇ ਪ੍ਰੀਖਿਆ ਪ੍ਰਕਿਰਿਆ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਇਹ ਵਿਸ਼ਵਾਸ਼ ਦੁਆ ਸਕਦੇ ਹਨ ਕਿ ਨੌਕਰੀਆਂ ਕਿਸੇ ਵੀ ਗਲਤ ਤਰੀਕੇ/ਪੈਸੇ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਕਿਰਪਾ ਕਰਕੇ ਯਾਦ ਰੱਖੋ ਕਿ ਅਜਿਹੇ ਸਾਰੇ ਵਾਅਦੇ ਬਿਲਕੁਲ ਝੂਠੇ ਹਨ ਅਤੇ ਜੇਕਰ ਕੋਈ ਵਿਅਕਤੀ ਦੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ 181 ‘ਤੇ ਸੂਚਿਤ ਕਰੋ। ਇਹ ਹੈਲਪਲਾਈਨ ਨੰਬਰ ਲੋਕਾਂ ਦੀ ਸਹਾਇਤਾ ਲਈ 24×7 ਉਪਲੱਬਧ ਹੈ।———–

NO COMMENTS