ਚੰਡੀਗੜ੍ਹ, 24 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਦੇਸ਼ ਭਰ ਵਿੱਚ ਫਾਰਮਾਸਿਊਟੀਕਲ ਓਪੀਓਡ ਦੀ ਸਪਲਾਈ ਸਬੰਧੀ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਹਵਾਲਾ ਚੈਨਲ ਰੂਟ ਦੀ ਵਰਤੋਂ ਰਾਹੀਂ 11 ਰਾਜਾਂ ਵਿੱਚ 50 ਤੋਂ ਵੱਧ ਜ਼ਿਲ੍ਹਿਆਂ ਵਿੱਚ ਚੱਲ ਰਹੇ ਇੱਕ ਅੰਤਰ-ਰਾਜੀ ਡਰੱਗ ਕਾਰਟਿਲ ਦਾ ਪਰਦਾਫਾਸ਼ ਕੀਤਾ ਹੈ। ਅੱਠ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚਲਾਈ ਗਈ ਇਸ ਮੁਹਿੰਮ ਵਿਚ 20 ਵਿਅਕਤੀਆਂ ਨੂੰ ਪਹਿਲਾਂ ਹੀ ਨਸ਼ਿਆਂ ਦੀ ਵੱਡੀ ਖੇਪ, ਡਰੱਗ ਮਨੀ ਅਤੇ ਪੰਜ ਵਾਹਨਾਂ ਨਾਲ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਵੇਰਵੇ ਦਿੰਦਿਆਂ ਅਤੇ ਜਾਂਚ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦਸਿਆ ਕਿ ‘ਆਗਰਾ ਗੈਂਗ’ ਵਜੋਂ ਜਾਣਿਆ ਜਾਂਦਾ ਇਹ ਡਰੱਗ ਕਾਰਟਿਲ, ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿੱਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਅਤੇ ਪ੍ਰਚੂਨ ਕੈਮਿਸਟ ਤੋਂ ਲੈ ਕੇ ਭਾਰਤ ਭਰ ਦੇ ਬਾਜ਼ਾਰਾਂ ਵਿਚ ਭੇਜ ਰਿਹਾ ਸੀ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 20 ਲੋਕਾਂ ਵਿਚੋਂ 16 ਪੰਜਾਬ, 2 ਯੂ. ਪੀ. ਅਤੇ ਇੱਕ ਇਕ ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਹਨ।
ਇਸ ਗਿਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ, ਨਸ਼ਾ ਸਿੰਡੀਕੇਟ ਦਾ ਇਕ ਵੱਡਾ ਨੈੱਟਵਰਕ ਜੋ 10-12 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ/ਕੈਪਸੂਲ/ ਟੀਕੇ/ਸਿਰਪ ਦੇ ਰੂਪ ਵਿਚ ਹਰੇਕ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਰਿਹਾ ਸੀ, ਦਾ ਪਰਦਾਫਾਸ਼ ਹੋਇਆ ਹੈ ਜਿਸ ਨਾਲ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ।
ਇਸ ਗਿਰੋਹ ਦਾ ਬਰਨਾਲਾ ਪੁਲਿਸ ਟੀਮ ਨੇ ਪਰਦਾਫਾਸ਼ ਕੀਤਾ, ਜਿਸ ਵਿੱਚ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਡਾ. ਪ੍ਰਗਿਆ ਜੈਨ, ਏਐਸਪੀ ਮਹਿਲ ਕਲਾਂ, ਸੁਖਦੇਵ ਸਿੰਘ ਵਿਰਕ ਐਸਪੀ (ਡੀ), ਰਮਨਿੰਦਰ ਸਿੰਘ ਦਿਓਲ ਡੀਐਸਪੀ (ਡੀ), ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸ਼ਾਮਲ ਸਨ। ਗਰੋਹ ਦੇ ਮੁੱਖੀ ਸਮੇਤ 20 ਵਿਅਕਤੀਆਂ ਦੀ ਗ੍ਰਿਫ਼ਤਾਰੀ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਵੱਖ-ਵੱਖ ਥਾਵਾਂ ਤੋਂ ਕੀਤੀ ਗਈ।
ਸ੍ਰੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਬਰਨਾਲਾ ਪੁਲਿਸ ਨੇ ਮਾਰਚ 2020 ਵਿਚ ਇਸੇ ਤਰ੍ਹਾਂ ‘ਮਥੁਰਾ ਗੈਂਗ’ ਦਾ ਪਰਦਾਫਾਸ਼ ਕੀਤਾ ਸੀ ਅਤੇ 44 ਲੱਖ ਦੇ ਨਸ਼ੀਲੇ ਪਦਾਰਥ ਅਤੇ 1.5 ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਸੀ।
ਇਸੇ ਮਈ ਮਹੀਨੇ ਬਲਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਗੁਰਜੰਟ ਸਿੰਘ ਅਤੇ ਚਾਰ ਹੋਰਾਂ ਦੀ 2,85,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਸਮੇਤ ਗ੍ਰਿਫ਼ਤਾਰੀ ਨਾਲ ਇਸ ਮੁਕੱਦਮੇ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਸੀ, ਜਿਸ ਵਿਰੁੱਧ ਐਫਆਈਆਰ ਨੰ. 72 ਮਿਤੀ 23.05.2020 ਨੂੰ ਧਾਰਾ 21,22,25,29/61/85 ਐਨਡੀਪੀਐਸ ਐਕਟ ਪੁਲਿਸ ਥਾਣਾ ਮਹਿਲ ਕਲਾਂ ਵਿੱਚ ਦਰਜ ਹੈ। ਇਸ ਤੋਂ ਬਾਅਦ ਜੂਲਫੀਕਾਰ ਅਲੀ ਪੁੱਤਰ ਮੁਹੰਮਦਿਨ ਨੂੰ 12,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਗ੍ਰਿਫ਼ਤਾਰ ਕੀਤਾ ਗਿਆ। ਜੂਲਫੀਕਾਰ ਤੋਂ ਪੁੱਛਗਿੱਛ ਬਾਅਦ ਹਰੀਸ਼ ਦੀ ਭੂਮਿਕਾ ਦਾ ਖੁਲਾਸਾ ਹੋਇਆ ਜੋ ਪੰਜਾਬ ਵਿਚ ਫਾਰਮਾਸਿਊਟੀਕਲ ਓਪੀਡਜ਼ ਦੀ ਆਮਦ ਅਤੇ ਸਪਲਾਈ ਵਿਚ ਮਾਸਟਰਮਾਈਂਡ ਵਿਚੋਂ ਇਕ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ, ਬਰਨਾਲਾ ਪੁਲਿਸ ਨੇ ਜਾਂਚ ਪੜਤਾਲ, ਨਿਗਰਾਨੀ ਯੋਜਨਾਵਾਂ ਤਿਆਰ ਕਰਨ ਵਿੱਚ ਦੋ ਮਹੀਨੇ ਬਿਤਾਏ ਅਤੇ ਫਿਰ ਇੱਕ ਜਾਲ ਵਿਛਾਇਆ ਗਿਆ, ਜਿਸ ਪਿੱਛੋਂ ਇੱਕ ਵਿਸ਼ੇਸ਼ ਟੀਮ ਪੱਛਮੀ ਬੰਗਾਲ ਭੇਜੀ ਦਿੱਤੀ ਜਿੱਥੋਂ ਹਰੀਸ਼ ਨੂੰ ਦਬੋਚਿਆ ਗਿਆ। ਹਰੀਸ਼ ਨੇ ਇਸ ਗਿਰੋਹ ਦੀਆਂ ਸਾਜ਼ਿਸ਼ਾਂ ਘੜਨ ਦੇ ਤਰੀਕਿਆਂ ਅਤੇ ਪੰਜਾਬ ਸਮੇਤ ਦੇਸ਼ ਦੇ 11 ਤੋਂ ਵੱਧ ਰਾਜਾਂ ਵਿਚ ਸਾਇਕੋਟ੍ਰੋਪਿਕ ਡਰੱਗਜ਼ ਦੀ ਸਪਲਾਈ ਚੇਨ ਬਾਰੇ ਖੁਲਾਸਾ ਕੀਤਾ।
ਇਸ ਸਬੰਧੀ ਮੁਕਦਮਾ ਐਫਆਈਆਰ ਨੰ. 344 ਮਿਤੀ 13.07.2020 ਧਾਰਾ 22,25,29/61/85 ਤਹਿਤ ਐਨਡੀਪੀਐਸ ਐਕਟ ਪੁਲਿਸ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਨਾਲ ਵੱਡੀ ਗਿਣਤੀ ਵਿੱਚ ਫਾਰਮਾਸਿਊਟੀਕਲ ਨਸ਼ੀਲੇ ਪਦਾਰਥ, ਡਰੱਗ ਮਨੀ ਅਤੇ ਵਾਹਨ ਜ਼ਬਤ ਕੀਤੇ ਗਏ।
ਡੀਜੀਪੀ ਨੇ ਕਿਹਾ ਕਿ ਹੁਣ ਤਕ ਗਿਰੋਹ ਦੇ ਕੰਮ ਕਰਨ ਦੇ ਢੰਗ-ਤਰੀਕੇ ਸਬੰਧੀ ਕੀਤੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰੀਸ਼ ਡਾਕਟਰੀ ਪ੍ਰਤੀਨਿਧੀ ਵਜੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਪਤਾ ਅਤੇ ਫੋਨ ਨੰਬਰ ਵਰਗੀ ਜਾਣਕਾਰੀ ਦੀ ਵਰਤੋਂ ਕਰਕੇ ਕੈਮਿਸਟਾਂ ਅਤੇ ਫਾਰਮਾਸਿਸਟਾਂ ਨਾਲ ਸੰਪਰਕ ਕਰਦਾ ਸੀ।
ਇਹਨਾਂ ਤਸਕਰਾਂ ਨੇ ਪਹਿਲਾਂ ਤੋਂ ਹੀ ਦਿੱਲੀ, ਆਗਰਾ, ਅੰਮ੍ਰਿਤਸਰ, ਜੈਪੁਰ, ਗਵਾਲੀਅਰ ਅਤੇ ਭੋਪਾਲ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਚਲ ਰਹੇ ਕੋਰੀਅਰ/ਟ੍ਰਾਂਸਪੋਰਟ/ਮਾਲ ਢੁਆਈ ਵਰਗੇ ਨੈਟਵਰਕ ਦੀ ਵਰਤੋਂ ਕੀਤੀ ਅਤੇ ਨਕਲੀ ਬਿੱਲਾਂ ਦੀ ਮਦਦ ਨਾਲ ਸਥਾਨਕ ਟਰਾਂਸਪੋਰਟਰਾਂ ਦੀ ਵਰਤੋਂ ਕਰਦੇ ਹੋਏ ਕਈ ਰਾਜਾਂ ਦੇ ਵੱਖ-ਵੱਖ ਥਾਵਾਂ ‘ਤੇ ਖੇਪਾਂ ਭੇਜੀਆਂ। ਹਵਾਲਾ ਚੈਨਲਾਂ ਦੀ ਵਰਤੋਂ ਕਰਕੇ ਪੈਸੇ ਦੀ ਅਦਾਇਗੀ ਅਤੇ ਲੈਣ-ਦੇਣ ਕੀਤਾ ਗਿਆ ਅਤੇ ਇਸ ਉਦੇਸ਼ ਲਈ ਨਕਦ ਲੈਣ-ਦੇਣ ਵਾਸਤੇ ਵਿਸ਼ੇਸ਼ ਬਣਾਏ ਗਏ ਬੈਂਕ ਖਾਤੇ ਵਰਤੇ ਗਏ।
ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਜ਼ਿਆਦਾਤਰ ਫਾਰਮਾਸਿਊਟੀਕਲ ਓਪੀਓਡ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਫਾਰਮਾਸਿਊਟੀਕਲ ਉਤਪਾਦਾਂ ਦੀ ਨਾ ਸਿਰਫ਼ ਜਾਇਜ਼ ਅਤੇ ਮਹੱਤਵਪੂਰਣ ਡਾਕਟਰੀ ਵਰਤੋਂ ਹੁੰਦੀ ਹੈ ਸਗੋਂ ਇਹ ਉਤਪਾਦ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਉਚਿਤ ਮੈਡੀਕਲ ਸਲਾਹ ਤੋਂ ਬਿਨਾਂ ਨਹੀਂ ਵੇਚੇ ਜਾ ਸਕਦੇ। ਗਿਰੋਹ ਇਨ੍ਹਾਂ ਨਸ਼ਿਆਂ ਦੀ ਗਲਤ ਢੰਗ ਨਾਲ ਵਰਤੋਂ ਕਰ ਰਿਹਾ ਸੀ, ਜਿਹੜੀਆਂ ਡਾਕਟਰੀ ਤੌਰ ‘ਤੇ ਦਰਦ ਤੋਂ ਰਾਹਤ ਅਤੇ ਓਪੀਓਡ ਦੀ ਨਿਰਭਰਤਾ ਦੇ ਇਲਾਜ ਲਈ, ਵਾਧੂ ਮੈਡੀਕਲ ਵਰਤੋਂ ਲਈ ਵਰਤੀਆਂ ਜਾਂਦੀਆਂ ਹਨ, ਇਹਨਾਂ ਦਵਾਈਆਂ ਦੀ ਲੋੜੋਂ ਵੱਧ ਵਰਤੋਂ ਕਰਨ ਨਾਲ ਇਹ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੁਆਰਾ ਚਲਾਈ ਗਈ ਮੁਹਿੰਮ ਅਤੇ ਫਾਰਮਾਸਿਊਟੀਕਲ ਓਪੀਓਡਜ਼ ਦੀ ਵੱਡੀ ਬਰਾਮਦਗੀ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨੂੰ ਵੱਡੀ ਮਾਰ ਪਈ ਹੈ। ਭਾਰਤ ਸਰਕਾਰ, ਨਵੀਂ ਦਿੱਲੀ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਕੀਤੇ ਗਏ ਅਧਿਐਨ ‘ਮੈਗਨੀਟਿਊਡ ਆਫ਼ ਸਬਸਟੈਨਸ ਯੂਜ਼ ਇਨ ਇੰਡੀਆ -2019’ ਅਨੁਸਾਰ ਫਾਰਮਾਸਿਊਟੀਕਲ ਓਪੀਓਡ (ਜਿਸ ਵਿਚ ਖੁਦ ਓਪੀਓਡ ਸਮੂਹ ਦੀਆਂ ਕਈ ਕਿਸਮਾਂ ਦੀਆਂ ਦਵਾਈਆਂ ਵੀ ਸ਼ਾਮਲ ਹਨ), ਹੈਰੋਇਨ ਤੋਂ ਬਾਅਦ ਭਾਰਤ ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਓਪੀਓਡ (0.96%) ਹਨ, ਜੋ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਓਪੀਓਡ (1.14%) ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਫਾਰਮਾਸਿਊਟੀਕਲ ਓਪੀਓਡ ਦੀ ਹਾਨੀਕਾਰਕ ਵਰਤੋਂ ਰਾਜ ਵਿਚ ਡਰੱਗ ਸਮੱਸਿਆ ਦਾ ਤਕਰੀਬਨ 40% ਬਣਦੀ ਹੈ।————