*ਪੰਜਾਬ ਪੁਲਿਸ ਵੱਲੋਂ ਸੰਭਾਵੀ ਟਾਰਗੈਟ ਕਿਲਿੰਗ ਦੀ ਕੋਸ਼ਿਸ਼ ਨਾਕਾਮ; 3 ਪਿਸਤੌਲ, ਗੋਲੀ ਸਿੱਕੇ ਸਮੇਤ 1 ਵਿਅਕਤੀ ਗਿ੍ਰਫਤਾਰ*

0
19

ਚੰਡੀਗੜ/ਐਸ.ਏ.ਐਸ.ਨਗਰ, 8 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਮਿਥ ਕੇ ਕਤਲ ਕਰਨ (ਟਾਰਗੇਟ ਕਿਲਿੰਗ) ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਸ ਨੇ ਸ਼ਨਿਚਰਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਇਕ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ।
ਗਿ੍ਰਫਤਾਰ ਕੀਤੇ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਉਰਫ ਗੁਰੀ ਸ਼ੇਰਾ ਵਾਸੀ ਪਿੰਡ ਸਿੰਧਵਾਂ ਜਿਲਾ ਫਤਿਹਗੜ ਸਾਹਿਬ ਵਜੋਂ ਹੋਈ ਹੈ। ਅਪਰਾਧਿਕ ਪਿਛੋਕੜ ਵਾਲੇ ਗੁਰੀ ਸ਼ੇਰਾ ਖਿਲਾਫ ਸੂਬੇ ਵਿੱਚ ਜ਼ਬਰਨ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਵੱਖ ਵੱਖ ਕੇਸ ਦਰਜ ਹਨ।
ਪੁਲਿਸ ਨੇ ਉਕਤ ਦੋਸ਼ੀ ਕੋਲੋਂ 10 ਕਾਰਤੂਸ ਸਮੇਤ ਦੋ .30 ਕੈਲੀਬਰ ਪਿਸਤੌਲ ਅਤੇ ਇੱਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਪੜ ਰੇਂਜ ਦੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਾਪਤ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਗੁਰੀ ਸ਼ੇਰਾ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਵਾਸੀ ਪਿੰਡ ਮਲਕਪੁਰ ਜੱਟਾਂ, ਪਟਿਆਲਾ, ਜੋ  ਹਥਿਆਰਾਂ ਦੀ ਨਜਾਇਜ਼ ਤਸਕਰੀ ਵਿੱਚ ਸ਼ਾਮਲ ਹਨ, ਖਿਲਾਫ ਥਾਣਾ ਸਿਟੀ ਖਰੜ, ਐਸ.ਏ.ਐਸ.ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਐਸ.ਏ.ਐਸ.ਨਗਰ  ਦੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਗੁਰੀ ਸ਼ੇਰਾ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਤਿੰਨ ਪਿਸਤੌਲਾਂ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।
ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਗੁਰੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਹਥਿਆਰ ਅਤੇ ਗੋਲੀ ਸਿੱਕਾ ਮੰਗਵਾਉਂਦਾ ਸੀ ਅਤੇ ਉਸ ਨੂੰ ਯੂਰਪੀ ਆਧਾਰਿਤ ਹੈਂਡਲਰ ਵੱਲੋਂ ਪੰਜਾਬ ਦੇ ਇੱਕ ਅਹਿਮ ਸ਼ਹਿਰ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਇਸ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਲਈ ਹਥਿਆਰ/ਗੋਲੀ ਸਿੱਕਾ ਅਤੇ ਲੌਜਿਸਟਿਕ ਸਹਾਇਤਾ ਖਰੀਦਣ ਲਈ 1.50 ਲੱਖ ਰੁਪਏ ਦਿੱਤੇ ਗਏ ਸਨ । ਦੋਸ਼ੀਆਂ ਨੇ ਇਹ ਵੀ ਕਬੂਲਿਆ ਕਿ ਉਹ ਇਹ ਹਥਿਆਰ ਪੰਜਾਬ ਵਿੱਚ ਆਪਣੇ ਗਿਰੋਹ ਦੇ ਮੈਂਬਰਾਂ ਨੂੰ ਵੀ ਪਹੁੰਚਾਉਂਦੇ ਸਨ।
ਡੀ.ਆਈ.ਜੀ. ਨੇ ਕਿਹਾ ਕਿ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਗੁਰੀ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੌਨੀ ਨੂੰ ਵੀ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 30-04-2022 ਨੂੰ ਐਫ.ਆਈ.ਆਰ ਨੰਬਰ 87 ਦਰਜ ਕਰ ਲਈ ਗਈ ਹੈ।    ——————————

NO COMMENTS