*ਪੰਜਾਬ ਪੁਲਿਸ ਨੇ ਹੈਰੋਇਨ ਦੀ 50 ਕਿਲੋ ਖੇਪ ਵਿੱਚੋਂ 31.5 ਕਿਲੋ ਹੈਰੋਇਨ ਕੀਤੀ ਬਰਾਮਦ:ਡੀਜੀਪੀ ਗੌਰਵ ਯਾਦਵ*

0
5

ਚੰਡੀਗੜ੍ਹ/ਜਲੰਧਰ, 7 ਸਤੰਬਰ:(ਸਾਰਾ ਯਹਾਂ/ਹਿਤੇਸ਼ ਸ਼ਰਮਾ):
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਤਿੰਨ ਤੈਰਾਕਾਂ ਨੂੰ ਭੇਜਣ ਵਾਲੇ ਵੱਡੇ ਤਸਕਰ ਮਲਕੀਅਤ ਸਿੰਘ ਉਰਫ਼ ਕਾਲੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਦਰਜ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪੁਲਿਸ ਟੀਮਾਂ ਨੇ ਕਾਲੀ ਕੋਲੋਂ 50 ਕਿਲੋ ਹੈਰੋਇਨ ਦੀ ਖੇਪ ਵਿੱਚੋਂ 9 ਕਿਲੋ ਹੋਰ ਹੈਰੋਇਨ ਵੀ ਜ਼ਬਤ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਖੇਪ ਵਿਚੋਂ 22.5 ਕਿਲੋ ਹੈਰੋਇਨ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਨਾਲ ਹੁਣ ਕੁੱਲ ਬਰਾਮਦਗੀ 31.5 ਕਿਲੋ ਹੋ ਗਈ ਹੈ।
ਇਹ ਕਾਰਵਾਈ , ਜਲੰਧਰ ਦਿਹਾਤੀ ਪੁਲਿਸ ਵੱਲੋਂ , ਹੈਰੋਇਨ ਦੀ ਖੇਪ ਹਾਸਲ ਕਰਨ ਲਈ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਜਾਣ ਵਾਲੇ ਨਸ਼ਾ ਤਸਕਰ ਜੋਗਾ ਸਿੰਘ , ਜਿਸ ਕੋਲੋਂ 8 ਕਿਲੋਂ ਹੈਰੋਇਨ ਬਰਾਮਦ ਹੋਈ ਸੀ, ਦੀ ਗ੍ਰਿਫਤਾਰੀ ਤੋਂ  ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਅਮਲ ’ਚ ਲਿਆਂਦੀ ਗਈ ਹੈ । ਇਸ ਤੋਂ ਪਹਿਲਾਂ, ਐਸਐਓਸੀ ਅੰਮ੍ਰਿਤਸਰ ਨੇ ਸ਼ਿੰਦਰ ਸਿੰਘ ਵਜੋਂ ਜਾਣੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ 10 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਸ ਮਾਡਿਊਲ ਨਾਲ ਜੁੜੀ ਇੱਕ ਔਰਤ ਨਸ਼ਾ ਤਸਕਰ ਅਮਨਦੀਪ ਕੌਰ ਉਰਫ਼ ਦੀਪ ਭਾਈ ਨੂੰ ਵੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਦਕਿ ਇੱਕ ਹੋਰ ਨਸ਼ਾ ਤਸਕਰ ਸ਼ਿੰਦਰਪਾਲ ਉਰਫ਼ ਪੱਪੂ ਨੂੰ ਮਹਿਤਪੁਰ ਤੋਂ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ  ਸੀ।
ਡੀਜੀਪੀ ਗੌਰਵ ਯਾਦਵ ਨੇ,  ਹੈਰੋਇਨ ਦੀ ਇਸ ਵੱਡੀ ਖੇਪ ਦੀ ਬਰਾਮਦਗੀ ਨੂੰ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ  ਨਿਰੰਤਰ ਤਫ਼ਤੀਸ਼ ਤੇ ਮੁਸਤੈਦੀ ਦਾ ਨਤੀਜਾ ਕਰਾਰ ਦਿੰਦੇ ਹੋਏ,  ਕਿਹਾ ਕਿ ਇਸ ਕੇਸ ਸਬੰਧੀ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕਬੀਨੀ ਨਾਲ ਪੁਣਛਾਣਤੋਂ ਬਾਅਦ ਹੀ ਜਲੰਧਰ ਦਿਹਾਤੀ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਟੇਂਡੀਆਂ ਦੇ ਰਹਿਣ ਰਹਿਣ ਵਾਲੇ ਨਸ਼ਾ ਤਸਕਰ ਮਲਕੀਅਤ ਕਾਲੀ ਨੂੰ, ਗੋਰਾਇਆ ਨੇੜੇ ਬੋਪਾਰਾਏ ਨਹਿਰ ਦੇ ਪੁਲ ਤੋਂ ਮੋਢੇ ’ਚ ਪਾਏ ਥੱਲੇ ’ਚ ਲੁਕਾ ਰੱਖੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਮਲਕੀਅਤ ਕਾਲੀ ਨੇ ਖੁਲਾਸਾ ਕੀਤਾ ਕਿ ਉਹ ਹੈਦਰ ਅਲੀ ਵਜੋਂ ਜਾਣੇ ਜਾਂਦੇ ਪਾਕਿਸਤਾਨ ਸਥਿਤ ਨਸ਼ਾ ਤਸਕਰ ਦੇ ਲਗਾਤਾਰ ਸੰਪਰਕ ਵਿੱਚ ਸੀ, ਜਿਸ ਨੇ ਹਵਾਲਾ ਰਾਹੀਂ ਪੈਸੇ ਦਾ ਲੈਣ –ਦੇਣ ਕਰਨ ਬਦਲੇ ਭਾਰਤ ਵਿੱਚ ਹੈਰੋਇਨ ਦੀ ਖੇਪ ਦੀ ਤਸਕਰੀ ਕਰਨ ਵਿੱਚ ਉਸਦੀ ਮਦਦ ਕੀਤੀ ਸੀ।
ਮਲਕੀਅਤ ਕਾਲੀ ਨੇ ਇਹ ਵੀ ਕਬੂਲਿਆ ਕਿ ਉਸਨੇ ਜੋਗਾ ਸਿੰਘ ਨੂੰ,  ਦੋ ਹੋਰ ਵਿਅਕਤੀਆਂ ਨਾਲ , ਦਰਿਆਈ ਰਸਤੇ ਰਾਹੀਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਪਾਕਿਸਤਾਨ ਭੇਜਿਆ ਸੀ, ਜੋ ਕਿ ਉਸਦੀ ਪਾਰਟੀ ਅਤੇ ਜੋਗਾ ਸਿੰਘ ਦੀ ਪਾਰਟੀ ਵਿਚਕਾਰ ਬਰਾਬਰ ਵੰਡਿਆ ਜਾਣਾ ਸੀ। ੳਹਨਾਂ ਕਿਹਾ ਕਿ ਹੋਰ ਜਾਂਚ ਜਾਰੀ  ਹੈ ਅਤੇ ਪੁਲਿਸ ਟੀਮਾਂ ਇਸ ਮਾਡਿਊਲ ਵਿੱਚ ਸ਼ਾਮਲ ਬਾਕੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਇਸ ਸਬੰਧੀ  ਐਫਆਈਆਰ ਨੰ. 123 ਮਿਤੀ 07/09/2023 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21ਸੀ ਤਹਿਤ ਥਾਣਾ ਗੁਰਾਇਆ ਵਿਖੇ ਦਰਜ ਕੀਤੀ ਗਈ ਹੈ।

NO COMMENTS