ਚੰਡੀਗੜ/ਲੁਧਿਆਣਾ, 6 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ):ਸਵੇਰੇ ਤੜਕਸਾਰ ਕੀਤੇ ਆਪ੍ਰੇਸ਼ਨ ਤਹਿਤ ਪੰਜਾਬ ਪੁਲਿਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਵਿੱਚ ਸਰਗਰਮ ਅੰਤਰ-ਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪਹਿਲਾਂ ਤੋਂ ਜਮਾਨਤ ‘ਤੇ ਚੱਲ ਰਹੀ ਗਿਰੋਹ ਮੁਖੀ ਔਰਤ , 10 ਲੜਕੀਆਂ ਸਮੇਤ 14 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ । ਉਕਤ ਔਰਤ ਕੋਵਿਡ ਦੌਰਾਨ ਲੋੜਵੰਦ ਬੇਰੁਜ਼ਗਾਰ ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ।ਦੇਹ ਵਪਾਰ ਵਿੱਚ ਸ਼ਾਮਲ ਇਹ ਲੜਕੀਆਂ ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਚੰਡੀਗੜ ਅਤੇ ਅੰਮਿ੍ਰਤਸਰ ਨਾਲ ਸਬੰਧਤ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ । ਇਸ ਕਾਰਵਾਈ ਦੀ ਅਗਵਾਈ ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ ਨੇ ਕੀਤੀ । ਏਡੀਸੀਪੀ ਨੇ ਦੱਸਿਆ ਦੱਸਿਆ ਕਿ ਦੋਸ਼ੀਆਂ ਕੋਲ ਪਾਬੰਦੀਸ਼ੁਦਾ
ਨਸ਼ੀਲੇ ਪਦਾਰਥਾਂ ਈਟੀਜੋਲਮ ਅਤੇ ਐਸਕੀਟਲੋਪਰਮ ਔਕਜ਼ਲੇਟ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਨਾਂ ਨੂੰ ਡਾਕਟਰ ਦੀ ਇਜਾਜ਼ਤ ਤੋਂ ਬਗੈਰ ਇਸਤੇਮਾਲ ਕਰਨ ’ਤੇ ਪਾਬੰਦੀ ਹੈ ਅਤੇ ਸਪਲਾਈ ਦੇ ਸਰੋਤ ਦਾ ਪਤਾ ਲਗਾਉਣ ਲਈ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਸਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੂਜੇ ਸ਼ਹਿਰਾਂ ਵਿੱਚ ਵੀ ਇਸੇ ਤਰਾਂ ਦੇ ਕਾਰਕੰੁਨਾਂ ਦੇ ਨਾਮ ਸਾਹਮਣੇ ਆਏ ਹਨ ਜਿਨਾਂ ਵਿੱਚ ਮੁੱਖ ਦੋਸ਼ੀ ਅਤੇ ਸਬੰਧਤ ਕੁੜੀਆਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ । ਉਹਨਾਂ ਅੱਗੇ ਕਿਹਾ ਕਿ ਇਨਾਂ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਗਿ੍ਰਫਤਾਰੀਆਂ ਹੋਣ ਦੀ ਸੰਭਾਵਨਾ ਹੈ।
ਐਟੀਜੋਲਮ ਅਤੇ ਐਸਕੀਟਲੋਪਰਾਮ ਔਕਜ਼ਲੇਟ ਦੀਆਂ 20 ਗੋਲੀਆਂ ਤੋਂ ਇਲਾਵਾ ਸਪੈਨਿਸ਼ ਫਲਿਜ ਸੈਕਸ ਡਰਾਪ ਦੇ 5 ਪੀਸ ਵੀ ਜ਼ਬਤ ਕੀਤੇ ਗਏ । ਮੌਕੇ ਤੋਂ 7 ਮੋਬਾਈਲ ਫੋਨ, 28 ਪੈਕੇਟ ਕੰਡੋਮ ਤੋਂ ਇਲਾਵਾ 3630 ਰੁਪਏ ਦੀ ਨਕਦੀ ਅਤੇ ਦੋ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਏ.ਡੀ.ਸੀ.ਪੀ ਲੁਧਿਆਣਾ -4 ਰੁਪਿੰਦਰ ਕੌਰ ਸਰਾਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਸੀ, ਜਿਸ ਦੇ ਮੈਂਬਰ ਐਸਐਚਓ ਮੁਹੰਮਦ ਜਮੀਲ ਸਨ। ਇਸ ਮਾਮਲੇ ਵਿਚ ਥਾਣਾ ਟਿੱਬਾ ਵਿਖੇ ਇਮੋਰਟਲ ਟ੍ਰੈਫਿਕ ਰੋਕਥਾਮ ਐਕਟ 1956 ਦੀ ਧਾਰਾ 3,4 ਅਤੇ 5 ਤਹਿਤ ਮੁਕੱਦਮਾ ਨੰਬਰ 46, ਮਿਤੀ 6-03-2021, ਦਰਜ ਕੀਤਾ ਗਿਆ ਹੈ।
ਉਕਤ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆਂ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਦੋਸ਼ੀ ਦੁਆਰਾ ਚਲਾਏ ਜਾ ਰਹੇ ਦੇਹ ਵਪਾਰ ਦੀਆਂ ਗਤੀਵਿਧੀਆਂ ਬਾਰੇ ਇੱਕ ਸੂਹ ਮਿਲੀ ਸੀ ਅਤੇ ਉਸ ਦੀਆਂ ਹਰਕਤਾਂ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਮੁੱਖ ਦੋਸ਼ੀ ਦੀ ਪਛਾਣ ਮਨਜੀਤ ਕੌਰ ਉਰਫ ਪੰਮੀ ਆਂਟੀ ਵਜੋਂ ਹੋਈ ਹੈ ਜੋ ਗਲੀ ਨੰਬਰ 10 ਨਿਊ ਸੁਭਾਸ਼ ਨਗਰ ਦੀ ਵਸਨੀਕ ਹੈ ਅਤੇ ਉਸ ਨੂੰ ਸਾਲ 2018 ਵਿਚ ਥਾਣਾ ਜੋਧੇਵਾਲ ਵਿਖੇ ਦਰਜ ਇਸੇ ਤਰਾਂ ਦੇ ਇੱਕ ਹੋਰ ਕੇਸ ਵਿਚ ਗਿ੍ਰਫਤਾਰ ਵੀ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਸਬੰਧਤ ਘਰ ਤੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਜੋ ਗਾਹਕ ਵਜੋਂ ਉੱਥੇ ਆਏ ਸਨ।
ਉਕਤ ਔਰਤ (ਗਿਰੋਹ ਦੀ ਮੁਖੀ) ਹੁਣ ਜ਼ਮਾਨਤ ‘ਤੇ ਬਾਹਰ ਸੀ ਅਤੇ ਕੇਵਲ ਨੌਜਵਾਨ ਲੋੜਵੰਦ ਲੜਕੀਆਂ ਨੂੰ ਵਰਗਲਾ ਕੇ ਦੇਹ ਵਪਾਰ ਦੇ ਧੰਦੇ ਵਿੱਚ ਲਗਾ ਆਪਣੇ ਘਰ ਤੋਂ ਗੈਰਕਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਸੀ। । ਦੱਸਣਯੋਗ ਹੈ ਕਿ ਕੋਵਿਡ ਦੇ ਸੰਕਟਕਾਲੀ ਦੌਰ ਵਿੱਚ ਉਕਤ ਔਰਤ ਲੋੜਵੰਦ ,ਬੇਰੁਜ਼ਗਾਰ ਲੜਕੀਆਂ ਨੂੰ ਧੋਖੇ ਨਾਲ ਫੁਸਲਾ ਕੇ ਦੇਹ ਵਪਾਰ ਵਿੱਚ ਲਗਾਉਂਦੀ ਸੀ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇਕ ਦਿੱਲੀ ਦੀ ਲੜਕੀ ਸ਼ਾਮਲ ਹੈ ਜੋ ਕੋਵਿਡ ਦੌਰਾਨ ਆਪਣੇ ਰਿਸ਼ਤੇਦਾਰ ਕੋਲੋਂ ਲਿਆ ਕਰਜ਼ਾ ਵਾਪਸ ਨਹੀਂ ਮੋੜ ਸਕੀ ਸੀ, ਜਦੋਂ ਕਿ ਸ਼ਹਿਰ ਦੇ ਗੁਰਦੁਆਰੇ ਚੋਂ ਲੱਭੀ ਇਕ ਹੋਰ ਲੜਕੀ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ। ਸਰਾਂ ਨੇ ਅੱਗੇ ਦੱਸਿਆ ਕਿ ਇਹ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦੀਆਂ ਸਨ ਕਿ ਉਹ ਕਿਸੇ ਫੈਕਟਰੀ ਵਿੱਚ ਕੰਮ ਕਰਦੀਆਂ ਹਨ ਜਾਂ ਵਿਆਹ ਦੀਆਂ ਪਾਰਟੀਆਂ ਵਿੱਚ ਪਰਫਾਮ ਕਰਦੀਆਂ ਹਨ।