*ਪੰਜਾਬ ਪੁਲਿਸ ਨੇ ਮੋਸਟ ਵਾਂਟਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬਸੀ ਤੋਂ ਕੀਤਾ ਗ੍ਰਿਫਤਾਰ*

0
32

ਚੰਡੀਗੜ, 24 ਅਪ੍ਰੈਲ  (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਐਤਵਾਰ ਨੂੰ ਮੋਸਟ ਵਾਂਟੇਡ ਅੱਤਵਾਦੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਮਾਡਿਊਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਨਾਲ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਤੇਜ ਕਰਨ ਲਈ ਡੀਜੀਪੀ ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇੱਕ ਏ.ਜੀ.ਟੀ.ਐਫ. ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਏ.ਜੀ.ਟੀ.ਐਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਖੇ ਐਕਸਪਲੋਸਿਵ ਐਕਟ ਦੀ ਧਾਰਾ 4/5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਅਧੀਨ ਦਰਜ ਐਫ.ਆਈ.ਆਰ. ਨੰਬਰ 154 ਮਿਤੀ 23-07-2010 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਪਟਿਆਲਵੀ ਦੇ ਇੱਕ ਹੋਰ ਸਾਥੀ ਮਿ੍ਰਤਕ ਅੱਤਵਾਦੀ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਵਾਲਾ ਨੂੰ ਇਸ ਮਾਮਲੇ ਵਿੱਚ ਡੇਟੋਨੇਟਰ ਅਤੇ ਆਰਡੀਐਕਸ ਦੀ ਬਰਾਮਦਗੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਉਨਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਤੋਂ ਬਾਅਦ ਏਆਈਜੀ ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾ ਬਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫਤਾਰ ਕੀਤਾ।

ਸ੍ਰੀ ਭੁੱਲਰ ਨੇ ਕਿਹਾ, “ਪਟਿਆਲਵੀ,  ਗ੍ਰੰਥੀ ਦਾ ਭੇਸ ਬਣਾ ਕੇ ਇਸ ਸਮੇਂ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਰਿਹਾ ।” ਉਹਨਾਂ ਅੱਗੇ ਕਿਹਾ ਕਿ ਦੋਸ਼ੀ ਦੇ ਕਬਜੇ ਵਿੱਚੋਂ ਪੱਛਮੀ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ।
ਭੁੱਲਰ ਨੇ ਕਿਹਾ ਕਿ ਅਗਲੇਰੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ, ਇਸ ਨਾਲ ਹੋਰ ਗ੍ਰਿਫਤਾਰਆਂ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।
ਬਾਕਸ:
ਚਰਨਜੀਤ ਉਰਫ ਪਟਿਆਲਵੀ ਬੀ.ਕੇ.ਆਈ ਅੱਤਵਾਦੀ ਮਾਡਿਊਲ, ਪੰਜਾਬ ਪੁਲਿਸ ਨੇ 2010 ਵਿੱਚ ਪਰਦਾਫ਼ਾਸ਼ ਕੀਤਾ ਸੀ, ਦਾ ਸਰਗਰਮ ਮੈਂਬਰ ਸੀ। ਇਹ ਮਾਡਿਊਲ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿੱਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ ਵਿੱਚ ਸ਼ਾਮਲ ਸੀ। ਪੰਜਾਬ ਪੁਲਿਸ ਨੇ 2010 ਵਿੱਚ ਪਟਿਆਲਵੀ ਦੇ ਬਾਕੀ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

NO COMMENTS