ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਕੀਤਾ ਗ੍ਰਿਫਤਾਰ

0
34

ਚੰਡੀਗੜ੍ਹ, 5 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ ਅਤੇ ਰਮਨ ਰਾਜਸਥਾਨ ਦੇ ਰਹਿਣ ਵਾਲੇ ਹਨ ਜਦਕਿ ਦਿਨੇਸ਼ ਅਤੇ ਰਾਹੁਲ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇੱਕ ਦੋਸ਼ੀ ਹਾਲੇ ਹੀ ਫਰਾਰ ਹੈ। ਇਹ ਦੋਸ਼ੀ ਪੰਜਾਬ, ਹਰਿਆਣਾ ਅਤੇ ਯੂ.ਪੀ ਸੂਬੇ ਵਿੱਚ ਗਿਰੋਹ ਚਲਾਉਂਦੇ ਸਨ।ਪੁਲਿਸ ਨੇ ਦੋਸ਼ੀਆਂ ਕੋਲੋਂ ਕਈ ਏ.ਟੀ.ਐਮ. ਕਾਰਡ, ਨਕਦੀ, ਸਿਮ ਅਤੇ ਇੱਕ ਪੀਓਐਸ (ਪੁਆਇੰਟ ਆਫ ਸੇਲ) ਮਸ਼ੀਨ ਬਰਾਮਦ ਕੀਤੀ  ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ  ਡਾਇਰੈਕਟਰ-ਕਮ-ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ  ਕਿ ਉਕਤ ਦੋਸ਼ੀਆਂ ਵਲੋਂ ਫੇਸਬੁੱਕ ਉੱਤੇ ਫਰਜ਼ੀ ਅਕਾਊਂਟ ਬਣਾਇਆ ਗਿਆ ਸੀ ਜਿਸ ਦਾ ਨਾਮ ਸੁਰੇਸ਼ ਨਾਂਗੀਆ, ਮੁੱਖ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ, ਪੰਜਾਬ ਰੱਖਿਆ ਗਿਆ ਸੀ। ਉਹ ਇਸ ਫਰਜ਼ੀ ਅਕਾਊਂਟ ਰਾਹੀਂ ਖੁਦ ਨੂੰ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੱਸ  ਕੇ ਲੋਕਾਂ ਤੋਂ ਧੋਖੇ ਨਾਲ ਪੈਸੇ ਮੰਗਣ ਦੀ ਧਾਂਦਲੀ ਨੂੰ ਅੰਜਾਮ ਦਿੰਦੇ ਸਨ।
ਉਨਾਂ ਕਿਹਾ ਕਿ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਦੀ ਜਾਣਕਾਰੀ ਮਿਲਣ ਉਪਰੰਤ ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਤੁਰੰਤ ਅਸਿਸਟੈਂਟ ਇੰਸਪੈਕਟ ਜਨਰਲ, ਸਟੇਟ ਸਾਇਬਰ ਕਰਾਇਮ ਇੰਦਰਵੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ, ਸਬ-ਇੰਸਪੈਕਟਰ ਆਲਮਜੀਤ ਸਿੰਘ ਸਿੱਧੂ ਅਤੇ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਅਤੇ ਇਹਨਾਂ ਟੀਮਾਂ ਨੂੰ ਜਾਂਚ ਲਈ ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼  ਲਈ ਰਵਾਨਾ ਕੀਤਾ। ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਸਾਈਬਰ ਕਰਾਈਮ ਦੇ ਏ.ਆਈ.ਜੀ.( ਸਟੇਟ) ਇੰਦਰਬੀਰ ਸਿੰਘ ਅਤੇ ਸਾਈਬਰ ਕ੍ਰਾਈਮ ਦੇ ਡੀ.ਐਸ.ਪੀ. (ਸਟੇਟ) ਸਮਰਪਾਲ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਇਸ ਕਾਰਵਾਈ ਵਿੱਚ ਸਬ-ਇੰਸਪੈਕਟਰ ਵਿਕਾਸ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਛੇ ਸਾਈਬਰ ਅਪਰਾਧੀਆਂ ਦੀ ਗ੍ਰਿਫਤਾਰੀ ਨਾਲ ਫੇਸਬੁੱਕ ਹੈਕਿੰਗ, ਓਐਲਐਕਸ/ਬੈਂਕ ਧੋਖਾਧੜੀ ਅਤੇ ਹੋਰ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੋਸ਼ੀ ਦਿਨੇਸ਼ ਅਤੇ ਰਾਹੁਲ, ਮਦਨ ਲਾਲ ਦੇ ਭਤੀਜੇ ਹਨ ਜਿਹਨਾਂ ਨੇ ਮਦਨ ਲਾਲ ਦੇ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਉਸ (ਮਦਨ ਲਾਲ) ਦੇ ਨਾਂ ‘ਤੇ ਬੈਂਕ ਖਾਤਾ ਖੋਲ੍ਹਣ ਲਈ ਉਸ ਦੇ ਪਛਾਣ ਪੱਤਰ ਭੇਜੇ ਸਨ ਤਾਂ ਜੋ ਧੋਖਾਧੜੀ ਵਿਚ ਪ੍ਰਾਪਤ ਹੋਏ ਪੈਸੇ ਇਸ ਖਾਤੇ ਰਾਹੀਂ ਵਸੂਲੇ ਜਾ ਸਕਣ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਸਾਈਬਰ ਅਪਰਾਧੀ ਆਪਸ ਵਿਚ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਸੂਬਿਆਂ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। 
ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਦੋਸ਼ੀ ਤਿੰਨ ਵੱਖ-ਵੱਖ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਧੋਖਾਧੜੀ ਦੀਆਂ ਕਾਰਵਾਈਆਂ ਕਰਦੇ ਸਨ। ਇਸ ਤੋਂ ਇਲਾਵਾ, ਪੁਲਿਸ ਟੀਮ ਨੇ ਦੋਸ਼ੀ ਨਰਿੰਦਰ ਸਿੰਘ ਦਾ ਪਤਾ ਲਗਾਇਆ ਜਿਸ ਦੇ ਖਾਤੇ ਵਿੱਚ ਗੈਰਕਾਨੂੰਨੀ ਪੈਸਾ ਜਮ੍ਹਾਂ ਕੀਤਾ ਗਿਆ ਸੀ ਅਤੇ ਉਸ ਨੂੰ ਰਾਜਸਥਾਨ ਦੇ ਭਰਤਪੁਰ ਤੋਂ ਗ੍ਰਿਫਤਾਰ ਕੀਤਾ ਗਿਆ।
ਸ੍ਰੀ ਸ਼ੁਕਲਾ ਨੇ ਕਿਹਾ, “ਅਗਲੇਰੀ ਜਾਂਚ ਨਾਲ ਗਿਰੋਹ ਦੇ ਇਕ ਹੋਰ ਮੈਂਬਰ ਗੁਲਾਬ ਸਿੰਘ ਨੂੰ ਫੜਿਆ ਗਿਆ ਜਿਸ ਨਾਲ ਇਸ ਖੇਤਰ ਵਿੱਚ ਇੱਕ ਵੱਡੇ ਰੈਕੇਟ ਦਾ ਖੁਲਾਸਾ ਹੋਇਆ, ਜਿੱਥੇ ਵੱਖ-ਵੱਖ ਲੋਕਾਂ ਤੋਂ ਏਟੀਐਮ ਕਾਰਡ ਕਿਰਾਏ ਉੱਤੇ ਲੈ ਕੇ ਜਾਂ ਨਕਲੀ ਸ਼ਨਾਖਤੀ ਕਾਰਡਾਂ ਰਾਹੀਂ ਬੈਂਕ ਖਾਤੇ ਖੋਲਣ ਦਾ ਧੰਦਾ ਚੱਲਦਾ ਸੀ।” ਸ੍ਰੀ ਸ਼ੁਕਲਾ ਨੇ ਅੱਗੇ ਕਿਹਾ ਕਿ ਇਹਨਾਂ ਬੈਂਕ ਖਾਤਿਆਂ ਨੂੰ ਵੱਖ-ਵੱਖ ਘੁਟਾਲਿਆਂ ਜਿਵੇਂ ਓਐਲਐਕਸ ਘੁਟਾਲੇ, ਫੇਸਬੁੱਕ ਘੁਟਾਲੇ, ਸੈਕਸ ਘੁਟਾਲੇ ਅਤੇ ਕਿਸੇ ਵੀ ਕਿਸਮ ਦੇ ਨਾਜਾਇਜ਼ ਪੈਸੇ ਜਾਂ ਧੋਖਾਧੜੀ ਨਾਲ ਕਮਾਏ ਪੈਸੇ ਰੱਖਣ ਲਈ ਵਰਤਿਆ ਜਾਂਦਾ ਸੀ। 
ਉਨ੍ਹਾਂ ਕਿਹਾ ਕਿ ਪੂਰੇ ਰੈਕੇਟ ਵਿਚ ਕੁਝ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਨਾਲ ਭਾਗ ਸਿੰਘ ਅਤੇ ਰਮਨ ਕੁਮਾਰ ਨੂੰ ਫੜਿਆ ਗਿਆ ਜੋ ਅਜਿਹੇ ਰੈਕੇਟ ਵਿਚ ਪੈਸਿਆਂ ਨੂੰ ਇਧਰ-ਉਧਰ ਕਰਨ ਵਾਲੇ ਮੁੱਖ ਧੁਰੇ ਸਨ ਕਿਉਂਜੋ ਉਹ ਧੋਖਾਧੜੀ ਕਰਨ ਵਾਲਿਆਂ ਨੂੰ ਏਟੀਐਮ ਕਾਰਡ, ਸਿਮ ਕਾਰਡ ਅਤੇ ਪਛਾਣ ਪੱਤਰ ਮੁਹੱਈਆ ਕਰਵਾਉਂਦੇ ਹਨ ਅਤੇ ਆਪਣੀਆਂ ਸੇਵਾਵਾਂ ਲਈ ਧੋਖਾਧੜੀ ਨਾਲ ਪ੍ਰਾਪਤ ਹੋਏ ਪੈਸੇ ਵਿਚ 10 ਫੀਸਦੀ ਹਿੱਸਾ ਲੈਂਦੇ ਸਨ। 
ਦੋਸ਼ੀਆਂ ਵਿਰੁੱਧ ਥਾਣਾ ਸਟੇਟ ਸਾਈਬਰ ਕ੍ਰਾਈਮ ਵਿਖੇ ਆਈਪੀਸੀ ਦੀ ਧਾਰਾ 170, 419, 420, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66, 66-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ।————

NO COMMENTS