ਚੰਡੀਗੜ੍ਹ 11 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਪੁਲਿਸ ਆਪਣੇ ਕਰਮਚਾਰੀਆਂ ਦਾ ਵਿਵਹਾਰ ਸੁਧਾਰਨ ਦੀ ਮੁਹਿੰਮ ’ਚ ਜੁਟ ਗਈ ਹੈ। ਵਿਭਾਗ ਨੇ ਅੰਦਰਖਾਤੇ ਅਜਿਹੇ ਮੁਲਾਜ਼ਮਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ, ਜੋ ਭ੍ਰਿਸ਼ਟ ਹਨ ਤੇ ਆਮ ਲੋਕਾਂ ਤੋਂ ਰਿਸ਼ਵਤ ਮੰਗਦੇ ਹਨ ਜਾਂ ਦੁਰਵਿਹਾਰ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰੇਕ ਪੁਲਿਸ ਮੁਲਾਜ਼ਮ ਉੱਤੇ ਨਜ਼ਰ ਰੱਖਣ ਲਈ ਦੂਜੇ ਮੁਲਾਜ਼ਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪੁਲਿਸ ਦੇ ਜਵਾਨ ਇੱਕ-ਦੂਜੇ ਉੱਤੇ ਨਜ਼ਰ ਰੱਖਣਗੇ।
ਦੱਸ ਦੇਈਏ ਕਿ ਸਾਲ 2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਗਠਨ ਦੇ ਨਾਲ ਹੀ ਨਸ਼ੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੇ ਰਾਜ ਦੇ ਪੁਲਿਸ ਮੁਲਾਜ਼ਮਾਂ ਨੂੰ ਵੀ ਰਾਡਾਰ ’ਤੇ ਲੈ ਆਂਦਾ ਸੀ। ਪੁਲਿਸ ਵਿਭਾਗ ਨੇ ਉਂਝ ਤਾਂ ਆਪਣੇ ਮੁਲਾਜ਼ਮਾਂ ਦੀ ਜਾਸੂਸੀ ਕਰਕੇ ਦਾਗ਼ੀ ਜਵਾਨਾਂ ਦੀ ਸੂਚੀ ਵੀ ਤਿਆਰ ਕੀਤੀ ਹੋਈ ਹੈ ਪਰ ਹਾਲੇ ਤੱਕ ਉਸ ਸੂਚੀ ਉੱਤੇ ਕੋਈ ਕਾਰਵਾਈ ਨਹੀਂ ਹੋਈ।
ਉਸ ਵੇਲੇ ਨਸ਼ੇ ਵਿਰੁੱਧ ਗਠਤ ‘ਵਿਸ਼ੇਸ਼ ਜਾਂਚ ਟੀਮ’ (SIT) ਨੇ ਆਪਣੀ ਜਾਂਚ ਦੌਰਾਨ ਕਈ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਦੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਸੰਗੀਨ ਖ਼ੁਲਾਸੇ ਕੀਤੇ ਸਨ। ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਸਖ਼ਤ ਨਿਗਰਾਨੀ ਹੋਣ ਲੱਗੀ ਸੀ। ਇਸ ਦੌਰਾਨ ਹੁਣ ਵਿਭਾਗੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਾੜੇ ਵਿਵਹਾਰ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਹੁਣ ‘ਲਾਈਨ ਹਾਜ਼ਰ’ ਜਿਹੀ ਸਜ਼ਾ ’ਚੋਂ ਲੰਘਣਾ ਪੈ ਸਕਦਾ ਹੈ।
ਪੰਜਾਬ ਪੁਲਿਸ ਨੇ ਕਈ ਵਾਰ ਆਪਣਾ ਅਕਸ ਸੁਧਾਰਨ ਦੀ ਮੁਹਿੰਮ ਚਲਾਈ ਹੈ ਪਰ ਇਨ੍ਹਾਂ ਮੁਹਿੰਮਾਂ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ। ਵਿਭਾਗ ਨੇ ਖ਼ੁਦ ਨੂੰ ਸੋਸ਼ਲ ਮੀਡੀਆ ਰਾਹੀਂ ਆਮ ਨੂੰ ਜੋੜਨ ਦੀ ਯੋਜਨਾ ਉੱਤੇ ਵੀ ਕੰਮ ਸ਼ੁਰੂ ਕੀਤਾ ਸੀ ਪਰ ਉਸ ਵਿੱਚ ਵੀ ਕੋਈ ਵੀ ਬਹੁਤੀ ਕਾਮਯਾਬੀ ਨਹੀਂ ਮਿਲ ਸਕੀ।