ਪੰਜਾਬ ਪਿਛਲੇ ਸਾਲ ਦੇ ਮੁਕਾਬਲੇ ਸਤੰਬਰ ‘ਚ ‘ਮਾਲੋਮਾਲ’, ਕੁੱਲ 1055.24 ਕਰੋੜ ਜੀਐਸਟੀ ਮਾਲੀਆ ਖ਼ਜ਼ਾਨੇ ‘ਚ ਪਹੁੰਚਿਆ

0
84

ਚੰਡੀਗੜ੍ਹ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਗੁੱਡਸ ਤੇ ਸਰਵਿਸਿਜ਼ ਟੈਕਸ ਕਲੈਕਸ਼ਨ ਦੇ ਫਰੰਟ ‘ਤੇ ਪੰਜਾਬ ਸਰਕਾਰ ਨੂੰ ਸਤੰਬਰ 2020 ‘ਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਇਸ ਸਾਲ ਪੰਜਾਬ ਦਾ ਸਤੰਬਰ 2020 ਦੌਰਾਨ ਕੁੱਲ ਜੀਐਸਟੀ ਮਾਲੀਆ 1055.24 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀਐਸਟੀ ਮਾਲੀਆ 974.96 ਕਰੋੜ ਸੀ, ਜੋ ਇਸ ਸਾਲ 8.23 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਕੋਵਿਡ-19 ਕਾਰਨ ਟੈਕਸ ਦਾਤਾਵਾਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਪ੍ਰਦਾਨ ਕੀਤੀ ਗਈ ਸੀ ਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਢਿੱਲ ਦਿੱਤੀ ਗਈ ਹੈ।

ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰੈਲ ਤੋਂ ਸਤੰਬਰ 2020 ਦੌਰਾਨ ਪੰਜਾਬ ਦਾ ਕੁੱਲ ਜੀਐਸਟੀ ਮਾਲੀਆ 4685.72 ਕਰੋੜ ਰੁਪਏ ਸੀ ਜਦੋਂਕਿ ਪਿਛਲੇ ਸਾਲ ਇਨ੍ਹਾਂ 6 ਮਹੀਨਿਆਂ ਦੌਰਾਨ ਕੁੱਲ ਜੀਐਸਟੀ ਮਾਲੀਆ 6790.34 ਕਰੋੜ ਰੁਪਏ ਸੀ। ਇਸ ਤਰ੍ਹਾਂ  31 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1055.24 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕੁੱਲ ਸੁਰੱਖਿਅਤ ਮਾਲੀਏ ਦਾ 43.91 ਫੀਸਦੀ ਬਣਦਾ ਹੈ।

ਇਸ ਤਰ੍ਹਾਂ ਸਤੰਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1347.76 ਕਰੋੜ ਹੈ ਜੋ ਅਜੇ ਤੱਕ ਪ੍ਰਾਪਤ ਨਹੀਂ ਹੋਈ। ਅਪਰੈਲ ਤੋਂ ਅਗਸਤ 2020 ਦੌਰਾਨ ਮੁਆਵਜ਼ੇ ਦੀ ਰਕਮ 10338 ਕਰੋੜ ਰੁਪਏ ਹੈ ਜਿਸ ਵਿੱਚੋਂ 838 ਕਰੋੜ ਰੁਪਏ ਅਕਤੂਬਰ ਦੇ ਪਹਿਲੇ ਹਫਤੇ ਹਾਸਲ ਹੋਏ ਤੇ ਬਾਕੀ ਬਚਦੀ 9500 ਕਰੋੜ ਰੁਪਏ ਰਾਸ਼ੀ ਦੀ ਹਾਲੇ ਉਡੀਕ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀਐਸਟੀ ਮਾਲੀਆ ਸੰਗ੍ਰਹਿ ਸਤੰਬਰ 2020 ਦੇ ਮਹੀਨੇ ਦੌਰਾਨ 95,480 ਕਰੋੜ ਰੁਪਏ ਹੈ, ਜਿਸ ਵਿੱਚ ਸੀਜੀਐਸਟੀ ਦੀ 17,741 ਕਰੋੜ ਰੁਪਏ, ਐਸਜੀਐਸਟੀ 23,131 ਕਰੋੜ ਰੁਪਏ, ਆਈਜੀਐਸਟੀ 47,484 ਕਰੋੜ ਰੁਪਏ ਤੇ ਸੈਸ 7124 ਕਰੋੜ ਰੁਪਏ ਹੈ।

ਜਦਕਿ ਪਿਛਲੇ ਸਾਲ ਸਤੰਬਰ 2019 ਦੌਰਾਨ ਕੁੱਲ ਰਾਸ਼ਟਰੀ ਜੀਐਸਟੀ ਦਾ ਮਾਲੀਆ 91,916 ਕਰੋੜ ਰੁਪਏ ਇਕੱਤਰ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਸਤੰਬਰ 2020 ਦੌਰਾਨ ਰਾਸ਼ਟਰੀ ਕੁੱਲ ਜੀਐਸਟੀ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਇਕੱਤਰ ਹੋਏ ਜੀਐਸਟੀ ਮਾਲੀਏ ਨਾਲੋਂ 4 ਫੀਸਦੀ ਜ਼ਿਆਦਾ ਹੈ।

ਇਸ ਤੋਂ ਇਲਾਵਾ ਆਯਾਤ ਦੀਆਂ ਵਸਤਾਂ ‘ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀਐਸਟੀ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 102 ਫੀਸਦੀ ਤੇ 105 ਫੀਸਦੀ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਸਤੰਬਰ 2020 ਲਈ ਵੈਟ ਤੇ ਸੀਐਸਟੀ ਕੁੱਲ ਮਾਲੀਆ 2499.77 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 2729.47 ਕਰੋੜ ਰੁਪਏ ਸੀ, ਜੋ ਕਿ 8.42 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

NO COMMENTS