*ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਾਲ 2023-24 ਦੌਰਾਨ 1.26 ਕਰੋੜ ਬੂਟੇ ਲਾਉਣ ਦਾ ਟੀਚਾ: ਲਾਲ ਚੰਦ ਕਟਾਰੂਚੱਕ*

0
34

ਚੰਡੀਗੜ੍ਹ, ਮਈ 12  (ਸਾਰਾ ਯਹਾਂ/  ਮੁੱਖ ਸੰਪਾਦਕ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੀਆਂ ਨਸਲਾਂ ਲਈ ਸਾਫ ਸੁਥਰਾ ਵਾਤਾਵਰਣ ਸਿਰਜਣ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਇਸ ਮਕਸਦ ਹਿੱਤ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2023-24 ਦੌਰਾਨ ਪੂਰੇ ਸੂਬੇ ਵਿੱਚ ਵੱਖ-ਵੱਖ ਸਕੀਮਾਂ ਤਹਿਤ ਲਗਭਗ 1.26 ਕਰੋੜ ਬੂਟੇ ਲਗਾਏ ਜਾਣਗੇ।
ਇਹ ਜਾਣਕਾਰੀ ਅੱਜ ਮੋਹਾਲੀ ਦੇ ਸੈਕਟਰ 68 ਸਥਿਤ ਵਣ ਕੰਪਲੈਕਸ ਵਿਖੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਮੌਕੇ ਦਿੱਤੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਵੱਖੋ ਵੱਖ ਹਿੱਸਿਆਂ ਤੋਂ ਜੰਡ ਦੇ ਬੂਟਿਆਂ ਦੀ ਕਾਫੀ ਮੰਗ ਆ ਰਹੀ ਹੈ, ਇਸ ਲਈ ਇਨ੍ਹਾਂ ਬੂਟਿਆਂ ਨੂੰ ਸਥਾਪਿਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। 
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਵਿਭਾਗ ਦੀਆਂ 212 ਨਰਸਰੀਆਂ ਹਨ। ਇਹਨਾਂ ਨਰਸਰੀਆਂ ਵਿੱਚ ਜਿਆਦਾਤਰ ਮਹਿਲਾਵਾਂ ਕੰਮ ਕਰਦੀਆ ਹਨ ਅਤੇ ਇਥੇ ਪਾਖਾਨੇ ਦਾ ਪ੍ਰਬੰਧ ਨਹੀਂ ਹੈ। ਮਹਿਲਾਵਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਸਟੇਟ ਅਥਾਰਿਟੀ ਕੈਂਪਾ ਸਕੀਮ ਅਧੀਨ 100 ਨਰਸਰੀਆਂ ਵਿੱਚ 100 ਪਾਖਾਨੇ ਸਥਾਪਿਤ ਕੀਤੇ ਜਾਣਗੇ, ਜਿਸ ਲਈ 3 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ। ਇਸ ਤਰ੍ਹਾਂ ਪੰਜਾਬ, ਸੰਗਠਿਤ ਰੂਪ ਵਿੱਚ ਅਜਿਹਾ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਇਹ ਕੰਮ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਨਰਸਰੀਆ ਵਿੱਚ ਪਾਖਾਨੇ ਬਣਾਉਣ ਲਈ ਅਗਲੇ ਸਾਲ ਇੰਤਜ਼ਾਮ  ਕੀਤਾ ਜਾਵੇਗਾ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਕੁਝ ਜ਼ਿਲਿਆਂ ਵਿੱਚ ਇਹ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਵੀ ਹੋ ਗਿਆ ਹੈ। 
ਅੱਗੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਪਹਿਲਾਂ, ਬੂਟਿਆਂ ਲਈ ਵਿਭਾਗ ਵੱਲੋਂ ਪਾਲੀਥਿਨ ਬੈਗਜ਼ ਖਰੀਦੇ ਜਾਂਦੇ ਸਨ ਜਦੋਂਕਿ ਹੁਣ ਪਾਲੀਥਿਨ ਬੈਗਜ਼ ਦਾ ਉਤਪਾਦਨ ਵਿਭਾਗ ਵੱਲੋਂ ਖੁਦ ਹੀ ਕੀਤਾ ਜਾਵੇਗਾ। ਪਾਲੀਥੀਨ ਬੈਗਜ ਬਣਾਉਣ ਦੀ ਫੈਕਟਰੀ ਵਣ ਪਾਲ ਖੋਜ ਸਰਕਲ, ਹੁਸ਼ਿਆਰਪੁਰ ਦੇ ਅਧੀਨ ਆਉਂਦੀ ਹੈ, ਇਹ ਫੈਕਟਰੀ ਪਿਛਲੇ ਸਾਲ ਤੋਂ ਹੀ ਚਾਲੂ ਕੀਤੀ ਗਈ ਹੈ। ਇਸ ਫੈਕਟਰੀ ਵਿੱਚ ਵਿੱਚ ਇੱਕ ਹਫਤੇ ਵਿੱਚ 6 ਟਨ ਪਾਲੀਥਿਨ ਬੈਗਜ਼ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਮੰਗ ਅਨੁਸਾਰ ਵੱਖੋ ਵੱਖਰੇ ਆਕਾਰ ਦੇ ਪਾਲੀਥਿਨ ਬੈਗਜ਼ ਤਿਆਰ ਕਰਨ ਦੀ ਵੀ ਸਮਰੱਥਾ ਹੈ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਵਾਤਾਵਰਨ ਨਾਲ ਜੁੜੇ ਪ੍ਰਸਿੱਧ ਸਲੋਗਨਾਂ ਦੇ 250 ਤੋਂ ਵੱਧ ਸਾਈਨ ਬੋਰਡ ਤਿਆਰ ਕਰਕੇ ਸੜਕਾਂ ਉੱਤੇ ਲਗਾਏ ਗਏ ਹਨ। ਜਿਨ੍ਹਾਂ ਰਾਹੀਂ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ। 
ਇਸ ਮੌਕੇ ਵਿੱਤੀ ਕਮਿਸ਼ਨਰ ਵਿਕਾਸ ਗਰਗ, ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।————

NO COMMENTS