*ਪੰਜਾਬ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਬਣਾਵਾਂਗੇ : ਭਗਵੰਤ ਮਾਨ*

0
29

ਚੰਡੀਗੜ੍ਹ 26,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਅਤੇ ਬੇਅਦਬੀ ਦੀਆਂ ਘਟਨਾਵਾਂ ‘ਤੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਂਗਰਸ ਦੀ ਕਮਜ਼ੋਰ ਸਰਕਾਰ ਅਤੇ ਕਾਂਗਰਸੀ ਨੇਤਾਵਾਂ ਦੀ ਕੁਰਸੀ ਲਈ ਆਪਸੀ ਲੜਾਈ ਕਾਰਨ ਸਥਿਤੀ ਬਦਤਰ ਹੋ ਗਈ ਹੈ। ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਚੰਨੀ ਸਰਕਾਰ ਇੰਨੀ ਕਮਜ਼ੋਰ ਅਤੇ ਅਸਥਿਰ ਹੈ ਕਿ ਉਸ ਨੇ 111 ਦਿਨਾਂ ਵਿੱਚ ਚਾਰ ਵਾਰ ਡੀਜੀਪੀ ਅਤੇ ਦੋ ਵਾਰ ਏਜੀ ਬਦਲੇ ਹਨ। ਜਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਪੁਲਿਸ-ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਕੀਤਾ, ਕਾਂਗਰਸ ਸਰਕਾਰ ਨੇ ਉਸ ਨੂੰ ਅੱਗੇ ਤੋਰਿਆ। ਪਿਛਲੀਆਂ ਦੋ ਅਕਾਲੀ-ਕਾਂਗਰਸੀ ਸਰਕਾਰਾਂ ਬੇਹੱਦ ਭ੍ਰਿਸ਼ਟ, ਅਸਥਿਰ ਅਤੇ ਕਮਜ਼ੋਰ ਸਨ। ਇਸੇ ਕਰਕੇ ਪੰਜਾਬ ਵਿੱਚ ਬੇਅਦਬੀ ਅਤੇ ਬੰਬ ਧਮਾਕਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਅਤੇ ਲੋਕਾਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਸਥਿਰ, ਇਮਾਨਦਾਰ ਅਤੇ ਮਜ਼ਬੂਤ ​​ਸਰਕਾਰ ਦੇਵੇਗੀ। ਸਾਡੀ ਪਹਿਲੀ ਤਰਜੀਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੋਵੇਗੀ। ‘ਆਪ’ ਸਰਕਾਰ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਮਾਸਟਰਮਾਈਂਡਾਂ ਨੂੰ ਸਖ਼ਤ ਸਜ਼ਾਵਾਂ ਦੇਵੇਗੀ ਅਤੇ ਸਰਹੱਦ ਪਾਰ ਤੋਂ ਘੁਸਪੈਠ ਅਤੇ ਡਰੋਨਾਂ ਨੂੰ ਵੀ ਰੋਕੇਗੀ। ਅਸੀਂ ਪੁਲਿਸ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦੇਵਾਂਗੇ। ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਬਣਾਵਾਂਗੇ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਇਕ ਆਜ਼ਾਦ ਡਰੱਗ ਟਾਸਕ ਫੋਰਸ ਦਾ ਗਠਨ ਕਰੇਗੀ। ਇਹ ਫੋਰਸ ਸਿਆਸੀ ਦਬਾਅ ਅਤੇ ਦਖਲਅੰਦਾਜ਼ੀ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗੀ। ਮਾਨ ਨੇ ਅਮਰੀਕਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅਮਰੀਕਾ ਵਿੱਚ ਜੇਕਰ ਕੋਈ ਮੰਤਰੀ ਇੱਥੋਂ ਤੱਕ ਕਿ ਰਾਸ਼ਟਰਪਤੀ ਵੀ ਥਾਣੇ ਬੁਲਾ ਕੇ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਅਸਤੀਫਾ ਦੇਣਾ ਪੈਂਦਾ ਹੈ। ਪੰਜਾਬ ‘ਚ ਵੀ ‘ਡਰੱਗ ਟਾਸਕ ਫੋਰਸ’ ਨੂੰ ਅਮਰੀਕਾ ਦੀ ਤਰਜ਼ ‘ਤੇ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਜੇਕਰ ਸਾਡੇ ਕਿਸੇ ਵੀ ਆਗੂ, ਮੰਤਰੀ ਜਾਂ ਵਿਧਾਇਕ ਨੇ ‘ਡਰੱਗ ਟੈਸਟ ਫੋਰਸ’ ‘ਤੇ ਦਬਾਅ ਪਾਉਣ ਜਾਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਸ ਵਿਰੁੱਧ ਕਾਰਵਾਈ ਕਰਾਂਗੇ ਅਤੇ ਜੇਕਰ ਗਲਤ ਪਾਇਆ ਗਿਆ ਤਾਂ ਉਹ ਅਸਤੀਫਾ ਲਿਆ ਜਾਵੇਗਾ। ਮਾਨ ਨੇ ਕਿਹਾ ਕਿ ਅੱਜ ਪੁਲਿਸ ਮੁਲਾਜ਼ਮ ਜਨਤਾ ਦੀ ਸੁਰੱਖਿਆ ਦੀ ਬਜਾਏ ਆਗੂਆਂ-ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਲੈ ਕੇ ਸੈਰ ਕਰਨ ਤੱਕ ਦਾ ਕੰਮ ਪੁਲਿਸ ਮੁਲਾਜ਼ਮ ਹੀ ਕਰਦੇ ਹਨ। ਇਸ ਕਾਰਨ ਥਾਣਿਆਂ ਅਤੇ ਨਾਕਿਆਂ ’ਤੇ ਪੁਲੀਸ ਦੀ ਵੱਡੀ ਘਾਟ ਹੈ ਪਰ ਆਗੂਆਂ ਦੇ ਪਿੱਛੇ ਪੁਲੀਸ ਦੀ ਭਾਰੀ ਮੌਜੂਦਗੀ ਹੈ। ਪੁਲਿਸ ਦਾ ਕੰਮ ਅਸੀਂ ਪੁਲਿਸ ਤੋਂ ਕਰਵਾਵਾਂਗੇ। ਨੇਤਾਵਾਂ ਅਤੇ ਮੰਤਰੀਆਂ ਦੀ ਸੁਰੱਖਿਆ ਦੀ ਬਜਾਏ ਪੰਜਾਬ ਪੁਲਿਸ ਦੇ ਜਵਾਨ ਜਨਤਾ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਮਾਨ ਨੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੱਚੇ ਕਾਮਿਆਂ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਮਾਰਚ 2022 ਤੋਂ ਬਾਅਦ ਨੌਜਵਾਨਾਂ ਅਤੇ ਮੁਲਾਜ਼ਮਾਂ ਨੂੰ ਧਰਨੇ-ਪ੍ਰਦਰਸ਼ਨਾਂ, ਪੁਲਿਸ ਦੀਆਂ ਲਾਠੀਆਂ ਅਤੇ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲੇਗੀ | ਅਸੀਂ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਉਚਿਤ ਮੌਕੇ ਅਤੇ ਸਾਧਨ ਮੁਹੱਈਆ ਕਰਵਾਵਾਂਗੇ ਅਤੇ ਕੱਚੇ ਕਾਮਿਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ।

NO COMMENTS