ਚੰਡੀਗੜ/ਤਰਨਤਾਰਨ, 8 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ): ਸਰਹੱਦੀ ਸੂਬੇ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਪਿੰਡ ਨੌਸ਼ਹਿਰਾ ਪੰਨੂਆਂ ਜ਼ਿਲਾ ਤਰਨਤਾਰਨ ਤੋਂ 2.5 ਕਿਲੋ ਤੋਂ ਵੱਧ ਵਜ਼ਨ ਵਾਲੇ ਅਤੇ 12* 6*2.5 ਇੰਚ ਦੇ ਕਾਲੇ ਰੰਗ ਦੇ ਧਾਤੂ ਬਕਸੇ ਵਿੱਚ ਪੈਕ ਆਰ.ਡੀ.ਐਕਸ. ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਆਈ.ਈ.ਡੀ ਟਾਈਮਰ, ਡੈਟੋਨੇਟਰ , ਬੈਟਰੀ ਅਤੇ ਛੱਅਰਿਆਂ (ਸ਼੍ਰੈਪਨਲਜ਼) ਨਾਲ ਲੈਸ ਸੀ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ, ਅਜਨਾਲਾ, ਅੰਮਿ੍ਰਤਸਰ ਅਤੇ ਜਗਤਾਰ ਸਿੰਘ ਉਰਫ ਜੱਗਾ (40) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮਿ੍ਰਤਸਰ ਵਜੋਂ ਹੋਈ ਹੈ। ਪੁਲੀਸ ਨੇ ਇਨਾਂ ਕੋਲੋਂ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਬਿੰਦੂ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਅਸਿਸਟੈਂਟ ਵਜੋਂ ਕੰਮ ਕਰਦਾ ਸੀ, ਜਦੋਂ ਕਿ ਜੱਗਾ ਮਜਦੂਰ ਹੈ ਅਤੇ ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ।
ਇਹ ਕਾਰਵਾਈ ਪੰਜਾਬ ਪੁਲਿਸ ਦੀ ਇਨਪੁਟਸ ਦੇ ਬਾਅਦ ਹਰਿਆਣਾ ਪੁਲਿਸ ਦੁਆਰਾ ਕਰਨਾਲ ਤੋਂ ਇੱਕ ਮੈਟੈਲਿਕ ਕੇਸਾਂ (2.5 ਕਿਲੋਗ੍ਰਾਮ ) ਵਿੱਚ ਪੈਕ ਕੀਤੇ ਤਿੰਨ ਆਈਈਡੀ ਅਤੇ ਇੱਕ ਪਿਸਤੌਲ ਦੀ ਬਰਾਮਦਗੀ ਸਣੇ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਤੋਂ ਤਿੰਨ ਦਿਨ ਬਾਅਦ ਆਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿੰਦੂ ਅਤੇ ਜੱਗਾ ਧਮਾਕਾਖੇਜ਼ ਸਮੱਗਰੀ ਲੈ ਕੇ ਨੌਸ਼ਹਿਰਾ ਪੰਨੂਆਂ ਦੇ ਇਲਾਕੇ ਵਿੱਚ ਮੌਜੂਦ ਹਨ ਅਤੇ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਨਾਂ ਦੱਸਿਆ ਕਿ ਇਸ ਸਬੰਧੀ ਫੌਰੀ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਤਰਨਤਾਰਨ ਰਣਜੀਤ ਸਿੰਘ ਨੇ ਇਲਾਕੇ ਵਿੱਚ ਛਾਪੇਮਾਰੀ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਅਤੇ ਦੋਵੇਂ ਮੁਲਜਮਾਂ ਨੂੰ ਧਾਤੂ ਦੇ ਡੱਬੇ ਵਿੱਚ ਇੱਕ ਆਈਈਡੀ ਸਮੇਤ ਉਸ ਵੇਲੇ ਗਿ੍ਰਫਤਾਰ ਕਰ ਲਿਆ ਗਿਆ ਜਦੋਂ ਉਹ ਸੁੰਨਸਾਨ ਥਾਂ ਤੋਂ ਇਸਨੂੰ ਪਾ੍ਰਪਤ ਕਰਕੇ ਮੋਟਰਸਾਈਕਲ ’ਤੇ ਜਾ ਰਹੇ ਸਨ।
ਐਸਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜਮ ਆਪਣੇ ਸਾਥੀ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਅਜਨਾਲਾ ਦੇ ਹਿਣ ’ਤੇ ਆਈ.ਈ.ਡੀ ਲੈਣ ਲਈ ਗਏ ਸਨ। ਜੋਬਨਜੀਤ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਬਾਅਦ ਵਿੱਚ ਆਈਈਡੀ ਨੂੰ ਨਕਾਰਾ ਕਰ ਦਿੱਤਾ, ਜਿਸ ਵਿੱਚ ਲਗਭਗ 1.5 ਕਿਲੋ ਆਰਡੀਐਕਸ ਸੀ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਰਹਾਲੀ ਤਰਨਤਾਰਨ ਵਿਖੇ ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4 ਅਤੇ 5 ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਐਫਆਈਆਰ ਨੰਬਰ 70 ਮਿਤੀ 08.05.2022 ਨੂੰ ਦਰਜ ਕੀਤੀ ਗਈ ਹੈ ਅਗਲੇਰੀ ਜਾਂਚ ਜਾਰੀ ਹੈ।————