*ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਇੰਝ ਵਧਾਈ ਜਾਏਗੀ ਚੌਕਸੀ*

0
9

ਚੰਡੀਗੜ੍ਹ 24,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਕੈਮਰੇ ਲਗਾਏ ਜਾਣਗੇ, ਤਾਂ ਜੋ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਉੱਥੇ ਹੋਣ ਵਾਲੀ ਹਰ ਹਰਕਤ ‘ਤੇ ਨਜ਼ਰ ਰੱਖ ਸਕੇ। ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਬਾਰਡਰ ਰੇਂਜ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੈਮਰਿਆਂ ਰਾਹੀਂ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਅਤੇ ਚੌਕਸੀ ਵਧਾਈ ਜਾਵੇਗੀ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿੱਚ ਪੁਲੀਸ ਦੀ ਗਸ਼ਤ ਵਧਾਉਣ ਲਈ ਵੀ ਕਿਹਾ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀ ਸੁਰੱਖਿਆ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੋਣਗੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਖਾਸ ਕਰਕੇ ਸਾਢੇ ਤਿੰਨ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੁਲੀਸ ਵਾਧੂ ਚੌਕਸੀ ਰੱਖੇਗੀ।

ਪਠਾਨਕੋਟ ‘ਚ ਆਰਮੀ ਕੈਂਟ ਦੇ ਗੇਟ ‘ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ‘ਚ ਸੁਰੱਖਿਆ ਦੀਆਂ ਕੁਝ ਕਮੀਆਂ ਸਾਹਮਣੇ ਆਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਆਰਮੀ ਕੈਂਟ ‘ਚ ਗ੍ਰਨੇਡ ਫਟਣ ਦੇ ਇਕ ਘੰਟੇ ਬਾਅਦ ਪੁਲਸ ਪਹੁੰਚੀ। ਇਸ ਤੋਂ ਪਤਾ ਲੱਗਾ ਕਿ ਪੁਲਸ ਅਧਿਕਾਰੀ ਰਾਤ ਨੂੰ ਡਿਊਟੀ ‘ਤੇ ਨਹੀਂ ਸਨ, ਜਿਸ ਤੋਂ ਤੁਰੰਤ ਬਾਅਦ ਉਪ ਮੁੱਖ ਮੰਤਰੀ ਨੇ ਹੁਕਮ ਦਿੱਤਾ ਕਿ ਰਾਤ ਨੂੰ ਇਕ ਤਿਹਾਈ ਅਧਿਕਾਰੀ ਫੀਲਡ ‘ਚ ਰਹਿਣ। ਉਹ ਖੁਦ ਵੀਡੀਓ ਕਾਲ ਕਰ ਕੇ ਰੋਸਟਰ ਮੁਤਾਬਕ ਅਫਸਰਾਂ ਦੀ ਲੋਕੇਸ਼ਨ ਚੈੱਕ ਕਰਨਗੇ।

ਪਠਾਨਕੋਟ ਆਰਮੀ ਕੈਂਟ ‘ਤੇ ਹੋਏ ਗ੍ਰਨੇਡ ਹਮਲੇ ਦੇ ਨਾਲ ਹੀ ਪੁਲਿਸ ਨੂੰ ਬਮਿਆਲ ‘ਚ 2 ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਰਮੀ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿੱਚ ਡਰੋਨ ਦੀ ਵੀ ਵਰਤੋਂ ਕੀਤੀ ਗਈ। ਪਰ ਮੁਲਜ਼ਮਾਂ ਦਾ ਪਤਾ ਨਹੀਂ ਲੱਗਾ। ਇਹ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਹੈ। ਪੁਲਿਸ ਪਠਾਨਕੋਟ ਗ੍ਰਨੇਡ ਹਮਲੇ ਨੂੰ ਅੱਤਵਾਦੀ ਹਮਲਾ ਮੰਨ ਰਹੀ ਹੈ। ਪੁਲੀਸ ਨੂੰ ਧੋਬੜਾ ਕੋਲੋਂ ਇੱਕ ਵੱਖਰੇ ਨੰਬਰ ਵਾਲੀ ਕਾਰ ਵੀ ਮਿਲੀ ਸੀ। ਜੋ ਬਾਅਦ ‘ਚ ਚੋਰੀ ਦਾ ਨਿਕਲਿਆ, ਹਾਲਾਂਕਿ ਪੁਲਸ ਗ੍ਰਨੇਡ ਹਮਲੇ ‘ਚ ਉਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

NO COMMENTS