*ਪੰਜਾਬ ਦੇ 2.15 ਲੱਖ ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫੋਨ*

0
81

ਚੰਡੀਗੜ੍ਹ 27,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰ ਸਾਲ 2.15 ਲੱਖ ਹੋਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਹੈ। ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਤੇ ਸਰਕਾਰ ਹੁਣ ਤੱਕ ਇਸ ਨੂੰ ਅਮਲੀ ਜਾਮਾ ਪਹਿਣਾ ਰਹੀ ਹੈ।

ਇਸ ਬਾਰੇ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਫੈਸਲੇ ਉੱਪਰ ਮੋਹਰ ਲਾਈ। ਕੈਬਨਿਟ ਮੀਟਿੰਗ ਵਿੱਚ ਅਕਾਦਮਿਕ ਵਰ੍ਹੇ 2021-22 ਲਈ 12ਵੀਂ ਕਲਾਸ ਦੇ 2.15 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਰੂਪ-ਰੇਖਾ ਨੂੰ ਪ੍ਰਵਾਨਗੀ ਦਿੱਤੀ ਗਈ। ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਕੋਵਿਡ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਮਿਲ ਸਕੇਗੀ।

‘ਪੰਜਾਬ ਸਮਾਰਟ ਕੰਟੈਕਟ ਸਕੀਮ’ ਨੂੰ ਹੁਣ ਅਕਾਦਮਿਕ ਸਾਲ 2021-22 ਲਈ 12ਵੀਂ ਕਲਾਸ ਵਿੱਚ ਦਾਖਲ ਹੋਏ ਵਿਦਿਆਰਥੀਆਂ ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਕੀਮ ਵਾਸਤੇ ਸਕੂਲ ਸਿੱਖਿਆ ਵਿਭਾਗ ਨੂੰ 100 ਕਰੋੜ ਰੁਪਏ ਦਾ ਬਜਟ ਅਲਾਟ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਫੋਨਾਂ ਦੀ ਖਰੀਦ ਉਦਯੋਗ ਤੇ ਵਣਜ ਵਿਭਾਗ ਰਾਹੀਂ ਪੰਜਾਬ ਇਨਫੋਟੈਕ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ਸਮਾਰਟ ਫੋਨਾਂ ਵਿੱਚ ਵੱਖ-ਵੱਖ ਸਹੂਲਤਾਂ ਹੋਣਗੀਆਂ ਜਿਵੇਂ ਟੱਚ ਸਕਰੀਨ, ਕੈਮਰਾ, ਪਹਿਲਾਂ ਦੀ ਲੋਡ ਕੀਤੀਆਂ ਈ-ਸੇਵਾ ਜਿਹੀਆਂ ਸਰਕਾਰੀ ਐਪਲੀਕੇਸ਼ਨਜ਼ ਆਦਿ। ਇਸੇ ਤਰ੍ਹਾਂ ਸਕੂਲ ਸਿੱਖਿਆ ਵਿਭਾਗ ਵੱਲੋਂ ਬਾਰ੍ਹਵੀਂ ਕਲਾਸ ਲਈ ਪ੍ਰਵਾਨ ਕੀਤਾ ਗਿਆ ਈ-ਕੰਟੈਂਟ ਵੀ ਹੋਵੇਗਾ।

NO COMMENTS