ਚੰਡੀਗੜ੍ਹ 19,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਗੌਰਵ ਸ਼ਰਮਾ ਉਰਫ ਗੋਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਯਾਨੀ ਪੀਕੇ ਦੀ ਆਵਾਜ਼ ਕੱਢ ਕੇ ਕਾਂਗਰਸੀ ਲੀਡਰਾਂ ਨੂੰ ਠੱਗਿਆ ਹੈ। ਉਸ ਨੇ ਪੰਜਾਬ ਦੇ ਨੇਤਾਵਾਂ ਨੂੰ ਧੋਖਾ ਦੇਣ ਦੀ ਯੋਜਨਾ ਤਿਆਰ ਕਰਨ ਤੋਂ ਇਲਾਵਾ ਰਾਜਸਥਾਨ ਦੇ ਸਾਬਕਾ ਕਾਂਗਰਸੀ ਵਿਧਾਇਕ ਰਾਮ ਚੰਦਰ ਸਰਧਾਨਾ ਨਾਲ ਵੀ ਦੋ ਕਰੋੜ ਦੀ ਠੱਗੀ ਮਾਰੀ ਸੀ।
ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਧੋਖਾਧੜੀ ਵਿੱਚ ਸਫਲ ਹੋਣ ਤੋਂ ਬਾਅਦ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੁਝ ਕਾਂਗਰਸੀ ਨੇਤਾਵਾਂ ਉਸ ਦੇ ਨਿਸ਼ਾਨੇ ਉੱਤੇ ਸੀ। ਗੌਰਵ ਖ਼ਿਲਾਫ਼ ਪੰਜਾਬ, ਰਾਜਸਥਾਨ ਤੇ ਹਰਿਆਣਾ ਵਿੱਚ ਪੰਜ ਨਹੀਂ ਬਲਕਿ 12 ਕੇਸ ਦਰਜ ਕੀਤੇ ਗਏ ਹਨ।
ਪੁਲਿਸ ਅਨੁਸਾਰ, ਗੌਰਵ ਸ਼ਰਮਾ ਨੇ ਪੀਕੇ ਬਣ ਕੇ ਰਾਜਸਥਾਨ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਾਮ ਚੰਦਰ ਸਰਧਾਨਾ ਨੂੰ ਟਿਕਟ ਦਿਵਾਉਣ ਲਈ ਦੋ ਕਰੋੜ ਰੁਪਏ ਵਿੱਚ ਸੌਦਾ ਕੀਤਾ ਸੀ। ਉਸ ਨੇ ਇਹ ਰਕਮ 80 ਲੱਖ ਤੇ 1.2 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਲਈ।
3 ਦਸੰਬਰ, 2018 ਨੂੰ ਜੈਪੁਰ ਦੇ ਚੰਦਰ ਭਾਜੀ ਗੌਰਵ ਖਿਲਾਫ ਧੋਖਾਧੜੀ ਦੇ ਮਾਮਲੇ ਵਿਚ ਐਫਆਈਆਰ ਨੰਬਰ 379 ਦਰਜ ਕੀਤੀ ਗਈ ਸੀ। 8 ਜੁਲਾਈ, 2019 ਨੂੰ ਰਾਮਚੰਦਰ ਸਰਧਾਨਾ ਦੀ ਸ਼ਿਕਾਇਤ ‘ਤੇ ਇਸੇ ਥਾਣੇ ਵਿੱਚ ਇੱਕ ਹੋਰ ਕੇਸ (ਐਫਆਈਆਰ ਨੰਬਰ 239) ਦਰਜ ਕੀਤਾ ਗਿਆ ਸੀ।
ਉਹ ਦਸੰਬਰ 2018 ਵਿੱਚ ਦਾਇਰ ਕੀਤੇ ਕੇਸ ਵਿੱਚ 56 ਦਿਨ ਜੇਲ ਵਿੱਚ ਰਿਹਾ, ਜਦੋਂਕਿ ਦੂਜੇ ਕੇਸ ਵਿੱਚ ਉਸਨੂੰ ਜ਼ਮਾਨਤ ਮਿਲ ਗਈ। ਪੁਲਿਸ ਦੇ ਅਨੁਸਾਰ, ਹੁਣ ਉਸਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਇੱਥੇ ਪੰਜਾਬ ਵਿੱਚ 12-13 ਕਾਂਗਰਸੀ ਨੇਤਾਵਾਂ ਨਾਲ ਸੌਦੇ ਦਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਅਲੀ ਪੀਕੇ ਨੇ ਟਿਕਟ ਦਿਵਾਉਣ ਲਈ ਰਕਮ ਵੀ ਤੈਅ ਕੀਤੀ ਸੀ।
ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਨੇਤਾਵਾਂ ਦੇ ਨਾਮ ਦਸਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੌਰਵ ਸ਼ਰਮਾ ਦਾ ਜਲੰਧਰ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ। ਪੁੱਛਗਿੱਛ ਵਿੱਚ ਗੌਰਵ ਨੇ ਹਰਿਆਣਾ, ਰਾਜਸਥਾਨ ਤੋਂ ਕਈ ਨੇਤਾਵਾਂ ਦੇ ਨਾਮ ਲਏ ਹਨ। ਜਾਂਚ ਟੀਮ ਹੁਣ ਇਨ੍ਹਾਂ ਰਾਜਾਂ ਦੀਆਂ ਪੁਲਿਸ ਟੀਮਾਂ ਨਾਲ ਵੀ ਸੰਪਰਕ ਕਰੇਗੀ।
ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਗੌਰਵ ਸ਼ਰਮਾ ਦੇ ਕਰੀਬ 12 ਸਾਥੀ ਪੁਲਿਸ ਦੇ ਨਿਸ਼ਾਨੇ ਉਤੇ ਹਨ। ਪੁਲਿਸ ਸੂਤਰਾਂ ਅਨੁਸਾਰ, ਲੁਧਿਆਣਾ ਪੁਲਿਸ ਦੇ ਨਾਲ ਹੀ, ਅੰਮ੍ਰਿਤਸਰ ਪੁਲਿਸ ਵੀ ਰਾਜਸਥਾਨ ਪੁਲਿਸ ਦੇ ਨਾਲ ਉਸ ਦੇ ਸਾਥੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕੁਝ ਥਾਵਾਂ ‘ਤੇ ਛਾਪੇ ਵੀ ਮਾਰੇ ਹਨ ਪਰ ਗੌਰਵ ਦੇ ਕਈ ਸਾਥੀ ਰੂਪੋਸ਼ ਹੋ ਗਏ ਹਨ।