ਪੰਜਾਬ ਦੇ ਸਰਕਾਰੀ ਸਕੂਲਾਂ ਦੇ ਚੰਗੇ ਦਿਨ ਪਰਤੇ ..!!

0
457

ਮਾਨਸਾ 18 ਅਗਸਤ (ਸਾਰਾ ਯਹਾ,ਜੋਨੀ ਜਿੰਦਲ) : ਮਾਲਵਾ ਖੇਤਰ ਵਿੱਚ ਕਿਸੇ ਸਮੇਂ ਸਰਕਾਰੀ ਸਕੂਲਾਂ ਵਿੱਚ ਰੇਤਲੇ ਟਿੱਬਿਆਂ ਦੀ ਧੂੜ ਉਡਦੀ ਸੀ,ਬੱਚੇ ਦਰੱਖਤਾਂ ਥੱਲੇ ਤੱਪੜਾਂ ਤੇ ਰੁਲ ਖੁਲ ਰਹੇ ਹੁੰਦੇ ਸੀ, ਹੁਣ ਸਰਕਾਰ ਦੀ ਸਮਰਾਟ ਸਿੱਖਿਆ ਨੀਤੀ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਦਿਖਾਉਣ ਲੱਗੀ ਹੈ,ਮਾਲਵੇ ਦੇ ਸੰਘਰਸ਼ੀ ਅਧਿਆਪਕ ਹੁਣ ਖੁਦ ਵੀ ਸਕੂਲਾਂ ਦੀ ਨੁਹਾਰ ਵੀ ਬਦਲਣ ਲੱਗੇ ਨੇ,ਸਰਕਾਰੀ ਹਾਈ ਸਕੂਲ ਬੋੜਾਵਾਲ ਇਲਾਕੇ ਦਾ ਪਹਿਲਾ ਏ ਸੀ ਸਕੂਲ ਬਣਨ ਜਾ ਰਿਹਾ ਹੈ,ਜਿਥੇਂ ਵੱਖ ਵੱਖ ਪਿੰਡਾਂ ਦੇ ਵਿਦਿਆਰਥੀ ਸਮਾਰਟ ਪ੍ਰੋਜੈਕਟਰਾਂ ਤੇ ਈ-ਕੰਟੈਂਟ ਰਾਹੀਂ ਪੜ੍ਹਾਈ ਤਾਂ ਪਹਿਲਾ ਹੀ ਕਰ ਰਹੇ ਹਨ,ਹੁਣ ਉਹ ਗਰਮੀਆਂ ਚ ਪੜ੍ਹਨ ਵੇਲੇ ਵੀ ਠੰਡ ਮਹਿਸੂਸ ਕਰਨਗੇ।
ਸਿੱਖਿਆ ਵਿਭਾਗ ਦੀ ਸਿੱਧੀ ਭਰਤੀ ਰਾਹੀਂ ਹੈੱਡ ਮਾਸਟਰ ਬਣੇ ਹਰਜਿੰਦਰ ਸਿੰਘ ਨੇ ਜਦੋਂ ਤੋਂ ਇਸ ਸਕੂਲ ਦਾ ਕਾਰਜਭਾਗ ਸੰਭਾਲਿਆ ਹੈ,ਉਸ ਸਮੇਂ ਤੋਂ ਇਸ ਸਕੂਲ ਵਿੱਚ ਹੋਰ ਰੰਗ ਭਾਗ ਲੱਗੇ ਨੇ ।ਸਾਰੇ ਕਮਰਿਆਂ ਵਿੱਚ ਸੀਲਿੰਗ ਦਾ ਕੰਮ ਚਲ ਰਿਹਾ ਹੈ,ਕਮਰਿਆਂ ਚ ਏ ਸੀ ਲੱਗਣੇ ਸ਼ੁਰੂ ਹੋ ਗਏ ਹਨ,ਸਕੂਲ ਦੀ ਸੁਰੱਖਿਆ ਅਤੇ ਵਿਦਿਆਰਥੀਆਂ ਦੀ ਚੰਗੀ ਨਿਗਰਾਨੀ ਲਈ ਸੰਸਥਾ ਦਾ ਹਰ ਕਲਾਸਰੂਮ ਅਤੇ ਹਰ ਕੋਨਾ ਕੈਮਰੇ ਦੀ ਨਜ਼ਰ ਹੇਠ ਹੋਣ ਲੱਗਿਆ ਹੈ। ਇਸ ਤੋਂ ਵੀ ਵੱਡੀ ਗੱਲ ਕਿ ਸਕੂਲ ਅੰਦਰ 6 ਕਿਲੋ ਵਾਟ ਦਾ ਸੋਲਰ ਸਿਸਟਮ ਲਾਇਆ ਗਿਆ ਹੈ,ਇਸ ਤੋਂ ਬਾਅਦ 10 ਕਿਲੋਵਾਟ ਸੋਲਰ ਸਿਸਟਮ ਲਾਉਣ ਦੀ ਤਿਆਰੀ ਚਲ ਰਹੀ ਹੈ,ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਕੂਲ ਦੇ ਸਾਰਾ ਪ੍ਰਬੰਧ ਸੋਲਰ ਸਿਸਟਮ ਅਧੀਨ ਕੀਤਾ ਜਾਵੇਗਾ ਅਤੇ ਸਰਕਾਰ ਤੇ ਬਿਜਲੀ ਬਿੱਲ ਦਾ ਕੋਈ ਬੋਝ ਨਹੀਂ ਪਾਇਆ ਜਾਵੇਗਾ। ਸਕੂਲ ਨੇ ਇਹ ਵੀ ਵੱਡਾ ਫੈਸਲਾ ਕੀਤਾ ਹੈ ਕਿ ਜ਼ਿਆਦਾ ਗਰਮੀਆਂ ਦੌਰਾਨ ਪ੍ਰਾਇਮਰੀ ਵਿਭਾਗ ਦੀਆਂ ਕਲਾਸਾਂ ਵੀ ਹਾਈ ਸਕੂਲ ਵਿੱਚ ਲਾਈਆਂ ਜਾਣਗੀਆਂ।


ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਵਿਕਾਸ ਦਾ ਵੱਡਾ ਕਾਰਨ ਸਕੂਲ ਮੁੱਖੀ ਹਰਜਿੰਦਰ ਸਿੰਘ,ਪਿੰਡ ਦੇ ਸਰਪੰਚ ਗੁਰਮੇਲ ਸਿੰਘ,ਪੰਚਾਇਤ, ਸਕੂਲ ਚੇਅਰਮੈਨ ਜਸਪਾਲ ਸਿੰਘ ਸੇਖੋਂ ,ਸਕੂਲ ਮੈਨੇਜਮੈਂਟ ਕਮੇਟੀ, ਯੂਥ ਕਲੱਬਾਂ ਅਤੇ ਸਟਾਫ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਹੈ,ਇਸ ਤੋਂ ਇਲਾਵਾ ਦੇਸ਼ ਵਿਦੇਸ਼ ਚ ਬੈਠੇ ਅਤੇ ਇਸ ਪਿੰਡ ਦੇ ਦਾਨੀ ਸੱਜਣ ਸਕੂਲ ਦੀ ਬੇਹਤਰੀ ਲਈ ਹਰ ਉਪਰਾਲੇ ਕਰ ਰਹੇ ਹਨ। ਇਸ ਤੋ ਇਲਾਵਾ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੀਆਂ ਆ ਰਹੀਆਂ ਗਰਾਂਟਾਂ ਦਾ ਵੱਡਾ ਯੋਗਦਾਨ ਹੈ । ਸਕੂਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਬੋੜਾਵਾਲ ਵੱਲੋਂ ਸਕੂਲ ਵਿੱਚ 3 ਨਵੇਂ ਕਮਰਿਆਂ ਦੀ ਉਸਾਰੀ ਚੱਲ ਰਹੀ ਹੈ ਅਤੇ ਮਗਨਰੇਗਾ ਚ ਹੋਰਨਾਂ ਪ੍ਰੋਜੈਕਟਾਂ ਦੀ ਵਿਉਂਤਬੰਦੀ ਬਣਾਈ ਜਾ ਰਹੀ ਹੈ। ਦੂਜੇ ਪਾਸੇ ਸਰਕਾਰ ਅਤੇ ਸਿੱਖਿਆ ਵਿਭਾਗ ਵੱਲ੍ਹੋਂ ਵੀ ਸਮੇਂ ਸਮੇਂ ਵੱਖ ਵੱਖ ਕਾਰਜਾਂ ਲਈ ਲੋੜੀਦੀਆਂ ਗਰਾਂਟਾਂ ਆਈਆਂ ਹਨ।ਇਥੇ ਐਜੂਕੇਸ਼ਨਲ ਪਾਰਕ, ਸਾਇੰਸ ਲੈਬ , ਇੰਗਲਿਸ਼ ਲੈਂਗੂਏਜ ਲੈਬ, ਮਲਟੀਪਰਪਜ਼ ਹਾਲ ਅਤੇ ਸਪੋਰਟਸ ਗਰਾਊਂਡ ਮੁਕੰਮਲ ਹੋ ਚੁੱਕੇ ਹਨ। ਸਾਰੇ ਸਮਾਰਟ ਕਲਾਸ ਰੂਮ, ਸਾਇੰਸ ਲੈਬ, ਵਿਲੱਖਣ ਕੰਪਿਊਟਰ ਲੈਬ,ਸ਼ਾਨਦਾਰ ਲਾਇਬ੍ਰੇਰੀ,ਖੇਡ ਸਟੇਡੀਅਮ, ਮਿਡ ਡੇ ਮੀਲ ਸ਼ੈਡ, ਮਲਟੀਪਰਪਜ਼ ਹਾਲ ਇਸ ਦੀਆ ਹੋਰ ਵਿਸ਼ੇਸ਼ਤਾਵਾਂ ਹਨ। ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਵੀ ਜਿਕਰਯੋਗ ਹਨ।ਖੇਡਾਂ ਵਿਚ ਨੈਸ਼ਨਲ ਪੱਧਰ ਤੱਕ ਵਿਦਿਆਰਥੀ ਖੇਡੇ ਹਨ ਅਤੇ ਵਿਦਿਅਕ ਮੁਕਾਬਲਿਆਂ ਵਿਚ ਵੀ ਇਸ ਸਕੂਲ ਦੇ ਵਿਦਿਆਰਥੀ ਮੋਹਰੀ ਰਹੇ ਹਨ। ਇਸ ਸਕੂਲ ਦੀਆਂ ਦਸਵੀਂ ਜਮਾਤ ਦੀਆਂ ਚਾਰ ਵਿਦਿਆਰਥਣਾਂ ਜ਼ਿਲ੍ਹਾ ਪੱਧਰੀ ਮੈਰਿਟ ਵਿੱਚ 98 ਪ੍ਰਤੀਸ਼ਤ ਅੰਕ ਲੈ ਕੇ ਮੋਹਰੀ ਪੁਜੀਸ਼ਨਾਂ ਵਿੱਚ ਸ਼ਾਮਲ ਹਨ।


ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀਈਓ ਜਗਰੂਪ ਭਾਰਤੀ,ਨੈਸ਼ਨਲ ਅਵਾਰਡੀ ਅਮਰਜੀਤ ਰੱਲੀ, ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਮਾਣ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਹਨ। ਬੋੜਾਵਾਲ ਸਕੂਲ ਦੇ ਮੁੱਖੀ ਅਤੇ ਸਟਾਫ਼ ਵਧਾਈ ਦੇ ਪਾਤਰ ਹਨ ਜਿਨ੍ਹਾਂ ਵੱਲ੍ਹੋਂ ਹੋਰਨਾਂ ਸਾਹੂਲਤਾਂ ਤੋਂ ਇਲਾਵਾ ਅਪਣੇ ਸਕੂਲ ਨੂੰ ਏ ਸੀ ਬਣਾਇਆ ਜਾ ਰਿਹਾ ਹੈ।

NO COMMENTS