ਪੰਜਾਬ ਦੇ ਲੱਖਾਂ ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ ..!!

0
936

ਫ਼ਰੀਦਕੋਟ/, 15 ਜੁਲਾਈ (ਸਾਰਾ ਯਹਾ/ ਸੁਰਿੰਦਰ ਮਚਾਕੀ): – ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਤੇ ਪੰਜਾਬ ਸਰਕਾਰ ਆਪਣੇ ਤਨਖਾਹ ਢਾਂਚੇ ਦੀ ਬਜਾਏ ਕੇਂਦਰੀ ਤਨਖਾਹ ਢਾਂਚਾ ਥੋਪਣ ਜਾ ਰਹੀ ਹੈ। ਸਰਕਾਰ ਦੀ ਅੰਦਰੋ ਅੰਦਰੀ ਚਲ ਰਹੀ ਇਸ ਸਾਜਿਸ਼ ਦਾ ਉਦੋ ਖੁਲਾਸਾ ਹੋਇਆ ਜਦੋ ਕੋਵਿਡ -19 ਦਾ ਕਾਰਗਰ ਢੰਗ ਨਾਲ ਟਾਕਰਾ ਕਰਨ ਲਈ ਸਿਹਤ ਵਿਭਾਗ ਵਲੋ ਵੱਖ ਵੱਖ ਕੱਢੀਆ ਅਸਾਮੀਆਂ ਦਾ ਇਸ਼ਤਿਹਾਰ ਕੱਢਿਆ। ਇਸ ਇਸ਼ਤਿਹਾਰ ਰਾਹੀਂ 3954 ਅਸਾਮੀਆਂ ਭਰਨ ਲਈ ਜਾਰੀ ਸ਼ਰਤਾਂ ਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਇਹ ਅਸਾਮੀਆਂ ਕੇਂਦਰ ਸਰਕਾਰ ਦੇ ਤਨਖਾਹ ਸਕੂਲਾਂ ਅਧੀਨ ਭਰੀਆਂ ਜਾਣਗੀਆਂ। ਇਥੇ ਹੀ ਬਸ ਨਹੀ ਅਨੁਰਾਗ ਅਗਰਵਾਲ ਆਈ ਏ ਐਸ ਵਧੀਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋ ਜਾਰੀ ਇਸ ਇਸ਼ਤਿਹਾਰ ਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਭਵਿੱਖ ਵਿੱਚ ਸਾਰੀਆਂ ਭਰਤੀਆਂ ਕੇਂਦਰੀ ਤਨਖਾਹ ਸਕੇਲ ਦੇ ਨਾਲ ਪੰਜਾਬ ਨੂੰ ਤਨਖਾਹ ਸਕੇਲ ਨੂੰ ਇਕਸਾਰ ਕਰਨ ਦੀ ਤਜਵੀਜ਼ ਹੈ। ਇਸ ਤੋ ਸਾਫ਼ ਸੰਕੇਤ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋ ਬੇਹਤਰ ਤਨਖਾਹ ਤੇ ਭੱਤੇ ਲੈ ਰਹੇ ਮੁਲਾਜ਼ਮਾਂ ਦੇ ਤਨਖਾਹ ਭੱਤਿਆਂ ਨੂੰ ਹੁਣ ਖ਼ੋਰਾ ਲੱਗਣਾ ਤੈਅ ਹੈ। ਇਹ ਵੀ ਤੈਅ ਹੀ ਜਾਪਦਾ ਹੈ ਕਿ ਹੁਣ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਵੀ ਕੇਂਦਰ ਸਰਕਾਰ ਦੇ 7ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਅਧਾਰਤ ਹੀ ਆਪਣੀ ਰਿਪੋਰਟ ਦੇਵੇਗਾ। ਇਕ ਤਰ੍ਹਾਂ ਨਾਲ 5 ਸਾਲਾਂ ਤੋ ਤਨਖਾਹ ਕਮਿਸ਼ਨ ਵਲੋ ਮੁਲਾਜ਼ਮ ਜਥੇਬੰਦੀਆਂ ਦੀ ਸੁਣਵਾਈ ਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਤਨਖਾਹ ਢਾਂਚੇ ਦਾ ਅਧਿਐਨ ਕਰਨ ਦੀ ਕਵਾਇਦ ਬੇਮਾਅਨਾ ਹੈ ਤੇ ਇਸ ‘ਤੇ ਕੀਤਾ ਜਾ ਲੱਖਾਂ ਦਾ ਖਰਚ ਅਜਾਈਂ ਹੈ। ਇਥੇ ਇਹ ਵੀ ਜ਼ਿਕਰ ਏ ਖ਼ਾਸ ਹੈ ਕਿ 1ਜਨਵਰੀ 2004 ਤੋ ਬਾਅਦ ਭਰਤੀ ਮੁਲਾਜ਼ਮਾਂ’ ਤੇ ਧੱਕੇ ਨਾਲ ਨਵੀ ਪੈਨਸ਼ਨ ਸਕੀਮ ਥੋਪੀ ਹੋਈ ਹੈ। ਇਹ ਵੀ ਜ਼ਿਕਰ ਏ ਖ਼ਾਸ ਹੈ ਕਿ
ਪੰਜਾਬ ਸਰਕਾਰ ਪਹਿਲਾ ਵੀ ਕਈ ਵਾਰ ਪੰਜਾਬ ਦੇ ਮੁਲਾਜ਼ਮਾਂ ਦੇ ਡੀ ਏ ਨੂੰ ਕੇਂਦਰ ਨਾਲੋ ਡੀ ਲਿੰਕ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਜਿਹੜੀ ਹਰ ਵਾਰੀ ਮੁਲਾਜ਼ਮਾਂ ਦੇ ਤਗੜੇ ਵਿਰੋਧ ਕਾਰਨ ਸਰਕਾਰ ਨੂੰ ਵਾਪਸ ਲੈਣੀ ਪਈ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਜਣ ਸਿੰਘ ਰਣਬੀਰ ਢਿਲੋ, ਜਗਦੀਸ਼ ਚਾਹਲ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਰਾਣਵਾਂ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀ ਇਸ ਘਿਨੌਣੀ ਸਾਜ਼ਿਸ਼ ਨੂੰ ਸਿਰੇ ਨਹੀ ਚੜ੍ਹਨ ਦੇਣਗੇ। ਬਿਨਾਂ ਸ਼ਕ ਕਰੋਨਾ ਮਹਾਂਮਾਰੀ ਤੇ ਇਸ ਕਾਰਨ ਸਰਕਾਰ ਨੇ ਨਾਵਾਜਬ ਪਾਬੰਦੀਆਂ ਲਾਈਆਂ ਹੋਈਆਂ ਹਨ ਪਰ ਫੈਡਰੇਸ਼ਨ ਇਸ ਵਿਰੁੱਧ ਡੱਟਵਾ ਸੰਘਰਸ਼ ਕਰੇਗੀ। ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਪ ਸ ਸ ਫ , ਮਨਿਸਟਰੀਅਲ ਐਸੋਸੀਏਸ਼ਨ ਤੇ ਬਿਜਲੀ ਤੇ ਪੀ ਆਰ ਟੀ ਸੀ ਮੁਲਾਜ਼ਮ ਜਥੇਬੰਦੀਆਂ ਦੀ ਅੱਜ ਇਥੇ ਕੀਤੀ ਗਈ ਮੀਟਿੰਗ ਵਿੱਚ ਵੀ ਇਹ ਮੁੱਦਾ ਵਿਚਾਰਿਆ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਅਸ਼ੋਕ ਕੌਸ਼ਲ ਤੇ ਸੁਰਿੰਦਰ ਮਚਾਕੀ, ਜਤਿੰਦਰ ਕੁਮਾਰ, ਅਮਰੀਕ ਸਿੰਘ ਸੰਧੂ, ਹਰਪਾਲ ਮਚਾਕੀ ਤੇ ਸਿਮਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੁਲਾਜ਼ਮ ਦੀਆਂ ਭੱਖਦੀਆਂ ਮੰਗਾਂ ਵਾਰ ਵਾਰ ਮੰਨ ਕੇ ਲਾਗੂ ਨਾ ਕਰਨ ਤੇ ਚੋਣਾਂ ਦੌਰਾਨ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ, ਡੀ ਏ ਦੀ ਕਿਸ਼ਤਾਂ ਸਮੇਤ ਬਕਾਏ ਦੇ ਅਪ ਟੂ ਡੇਟ ਦੇਣ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦੀ ਲੈ ਕੇ ਲਾਗੂ ਕਰਨ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦੀ ਬਜਾਏ ਕੀਤੀ ਵਾਅਦਾ ਖ਼ਿਲਾਫੀ ਖ਼ਿਲਾਫ ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵਲੋ 20 ਜੁਲਾਈ ਨੂੰ ਮਨਾਏ ਜਾ ਰਹੇ ਰੋਸ ਹਫ਼ਤੇ ਦੌਰਾਨ ਇਸ ਸ਼ਾਜਿਸ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਏਗੀ।5-5 ਦੇ ਗਰੁੱਪਾਂ ਚ ਮੁਲਾਜ਼ਮ ਆਗੂ ਸਰਕਾਰ ਦੇ ਇਨ੍ਹਾਂ ਵਾਅਦਾ ਖ਼ਿਲਾਫੀਆਂ ਤੇ ਲਾਰਿਆਂ ਦੀ ਲੋਕ ਚੌਰਾਹੇ ਚ ਘੜੀ ਭੰਨਣਗੇ।

NO COMMENTS