*ਪੰਜਾਬ ਦੇ ਲੋਕ ਕੇਂਦਰ ਤੋਂ ਪੈਰਾ-ਮਿਲਟਰੀ ਫੋਰਸ ਨਹੀਂ, ਰੋਕਿਆ ਹੋਇਆ RDF ਚਾਹੁੰਦੇ ਨੇ : ਚੰਦੂਮਾਜਰਾ*

0
13

(ਸਾਰਾ ਯਹਾਂ/ਬਿਊਰੋ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ’ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਜਿਸ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜਾ ਸਹਿਯੋਗ ਮੰਗੇਗੀ ਕੇਂਦਰ ਸਰਕਾਰ ਉਹ ਸਹਿਯੋਗ ਦੇਵੇਗੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਪੈਰਾ-ਮਿਲਟਰੀ ਫੋਰਸ ਤਾਇਨਾਤ ਕਰਕੇ ਸੂਬੇ ਨੂੰ ਅਸ਼ਾਂਤ ਕਰਨ ਦੀ ਮੰਗ ਨਹੀਂ ਕਰਦੇ ਸਗੋਂ ਪੰਜਾਬ ਦੇ ਲੋਕ ਸੂਬੇ ਦੇ ਵਿਕਾਸ ਲਈ ਆਰ. ਡੀ. ਐਫ. ਫੰਡ ਦੀ ਮੰਗ ਕਰਦੇ ਹਨ। 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਪੈਰਾ-ਮਿਲਟਰੀ ਫੋਰਸ ਭੇਜ ਕੇ ਅਤੇ ਚੱਪੇ-ਚੱਪੇ ’ਤੇ ਫੋਰਸ ਤਾਇਨਾਤ ਕਰਕੇ ਦੇਸ਼ ਹੀ ਨਹੀਂ ਕੁੱਲ ਦੁਨੀਆਂ ਵਿਚ ਇਕ ਅਸ਼ਾਂਤ ਸੂਬਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਸਮੁੱਚੇ ਪੰਜਾਬੀ ਨਾਰਾਜ਼ ਹਨ ਕਿਉਕਿ ਇਸ ਨਾਲ ਪੰਜਾਬ ਦੀ ਵਪਾਰਕ ਅਤੇ ਹਰ ਤਰ੍ਹਾਂ ਦੀ ਤਰੱਕੀ ਵਿਚ ਵੱਡੇ ਅੜਿੱਕੇ ਖੜ੍ਹੇ ਹੋਣਗੇ।
 ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਸਹਿਯੋਗ ਮੰਗਿਆ ਅਤੇ ਅਮਿਤ ਸ਼ਾਹ ਵਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਉਹ ਸਹਿਯੋਗ ਦੀ ਮੰਗ ਪੰਜਾਬ ਦੇ ਲੋਕਾਂ ਨੇ ਕਦੇ ਵੀ ਨਹੀਂ ਕੀਤੀ। 

ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਐਫ. ਤਾਂ ਦੂਰ ਦੀ ਗੱਲ ਇਕ ਆਮ ਪੰਜਾਬੀ ਬੀ. ਐਸ. ਐਫ. ਦੇ 50 ਕਿਲੋਮੀਟਰ ਦੇ ਦਾਖਲੇ ਨੂੰ ਆਪਣੇ ਸੂਬੇ ਦੇ ਅਧਿਕਾਰ ਖੇਤਰ ਵਿਚ ਇਕ ਵੱਡੀ ਦਖਲਅੰਦਾਜ਼ੀ ਦੇ ਰੂਪ ਵਿਚ ਦੇਖ ਰਹੇ ਹਨ ਤਾਂ ਫਿਰ ਹੁਣ ਪੰਜਾਬੀ ਵੱਡਾ ਖਰਚਾ ਝੱਲ ਕੇ ਸੀ. ਆਰ. ਪੀ. ਐਫ. ਦੇ ਹਵਾਲੇ ਪੰਜਾਬ ਨੂੰ ਕਰਨ ਦੀ ਕਿਵੇਂ ਮੰਗ ਕਰ ਸਕਦੇ ਹਨ। 

ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੂੰ ਇਹ ਸਹਿਯੋਗ ਜਿਸ ਕੰਮ ਲਈ ਮੰਗਣਾ ਚਾਹੀਦਾ ਸੀ ਉਸ ਕੰਮ ਲਈ ਨਹੀਂ ਮੰਗਿਆ। ਪੰਜਾਬ ਦੇ ਲੋਕ ਕੇਂਦਰ ਤੋਂ ਇਹ ਸਹਿਯੋਗ ਚਾਹੁੰਦੇ ਹਨ ਕਿ ਪੰਜਾਬ ਦੀ ਤਰੱਕੀ ਲਈ ਰੋਕੇ ਗਏ ਆਰ. ਡੀ. ਐਫ. ਦਾ ਬਣਦਾ ਫੰਡ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ। 

ਅੱਜ ਪੰਜਾਬ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਆਈਆਂ ਗ੍ਰਾਂਟਾਂ ਵਾਪਸ ਲੈ ਰਹੀ ਹੈ, ਸੜਕਾਂ ਟੁੱਟੀਆਂ ਪਈਆਂ ਹਨ, ਮੁਲਾਜਮਾਂ ਨੂੰ ਤਨਖਾਹਾਂ ਤੱਕ ਨਹੀਂ ਮਿਲ ਰਹੀਆਂ ਤੇ ਅਜਿਹੇ ਸਮੇਂ ਕੇਂਦਰ ਤੋਂ ਰੋਕੇ ਗਏ ਫੰਡਾਂ ਨੂੰ ਤੁਰੰਤ ਜਾਰੀ ਕਰਨ ਦਾ ਸਹਿਯੋਗ ਚਾਹੁੰਦਾ ਹੈ। 

NO COMMENTS