*ਪੰਜਾਬ ਦੇ ਰਾਜਪਾਲ ਵੱਲੋਂ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ ’ਤੇ ਡੰੂਘੇ ਦੁੱਖ ਦਾ ਪ੍ਰਗਟਾਵਾ*

0
17

ਚੰਡੀਗੜ੍ਹ, 19 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘਾ ਦੁੱਖ ਜ਼ਾਹਰ ਕੀਤਾ, ਜਿਨ੍ਹਾਂ ਦਾ ਪਤਨੀ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਬੀਤੀ ਦੇਰ ਰਾਤ ਇੱਥੇ ਪੀ.ਜੀ.ਆਈ. ਵਿੱਚ ਕੋਵਿਡ ਵਿਰੁੱਧ ਲੜਾਈ ਲੜਦਿਆਂ ਦੇਹਾਂਤ ਹੋ ਗਿਆ।  ਮਿਲਖਾ ਸਿੰਘ ਦਾ ਅੱਜ ਸ਼ਾਮੀਂ ਇੱਥੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਪੂਰੇ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਤੇ ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਕਿਰੇਨ ਰਿਜੀਜੂ ਸਸਕਾਰ ਮੌਕੇ ਹਾਜ਼ਰ ਸਨ ਅਤੇ ਉਨ੍ਹਾਂ ਫੁੱਲ ਮਾਲਾਵਾਂ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਜਪਾਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਈ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਕਈ ਸੋਨ ਤਗਮੇ ਜਿੱਤਣ ਵਾਲੇ ਉਡਣਾ ਸਿੱਖ ਮਿਲਖਾ ਸਿੰਘ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਪਹੁੰਚਿਆ ਹੈ ।        ਪਦਮ ਸ੍ਰੀ ਮਿਲਖਾ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਅਮਿੱਟ ਪੈੜਾਂ ਛੱਡੀਆਂ ਹਨ। ਉਹ ਹਮੇਸ਼ਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਏ ਖਲਾਅ ਨੂੰ ਭਰਿਆ ਨਹੀਂ ਜਾ ਸਕਦਾ।     ਸ੍ਰੀ ਬਦਨੌਰ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਸਾਂਝੀ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ  ਪਰਮਾਤਮਾ ਅੱਗੇ ਅਰਦਾਸ ਕੀਤੀ।   
ਸਸਕਾਰ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਕਾਕਾ ਰਣਦੀਪ ਸਿੰਘ ਨਾਭਾ (ਦੋਵੇਂ ਵਿਧਾਇਕਾਂ) ਨੇ ਹਾਜ਼ਰ ਹੋ ਕੇ ਵਿਛੜੇ ਨਾਇਕ ਨੂੰ ਅੰਤਮ ਸਤਿਕਾਰ ਭੇਟ ਕੀਤਾ।


ਇਸ ਦੌਰਾਨ ਪੰਜਾਬ ਪੁਲਿਸ ਦੀ 13ਵੀਂ ਬਟਾਲੀਅਨ ਨੇ ਕਮਾਂਡੈਂਟ ਜਤਿੰਦਰ ਸਿੰਘ ਖਹਿਰਾ ਤੇ ਡੀ.ਐਸ.ਪੀ. ਸ਼ਾਮ ਸੁੰਦਰ, ਸੀ.ਆਰ.ਪੀ.ਐਫ. ਤੇ ਚੰਡੀਗੜ੍ਹ ਪੁਲਿਸ ਦੀ ਟੁਕੜੀ ਨੇ ਇੰਸਪੈਕਟਰ ਦਿਆ ਰਾਮ ਦੀ ਅਗਵਾਈ ਹੇਠ ਦੋ ਰਾਊਂਡ ਫਾਇਰ ਕਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਮਿਲਖਾ ਸਿੰਘ ਦੀ ਦੇਹ ਨੂੰ ਪੀ.ਜੀ.ਆਈ. ਤੋਂ ਉਨ੍ਹਾਂ ਦੇ ਘਰ ਲਿਆਂਦਾ ਗਿਆ, ਜਿੱਥੋਂ ਫੁੱਲਾਂ ਨਾਲ ਸਜਾਏ ਵਾਹਨ ਵਿੱਚ ਸ਼ਮਸ਼ਾਨਘਾਟ ਵਿੱਚ ਪਹੁੰਚਾਇਆ ਗਿਆ।
ਅੰਤਮ ਰਸਮਾਂ ਮੌਕੇ ਪੰਜਾਬ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ, ਡੀ.ਸੀ. ਚੰਡੀਗੜ੍ਹ ਮਨਦੀਪ ਸਿੰਘ ਬਰਾੜ ਤੇ ਐਸ.ਐਸ.ਪੀ. ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਵੀ ਹਾਜ਼ਰ ਸਨ।   
———-

LEAVE A REPLY

Please enter your comment!
Please enter your name here