ਪੰਜਾਬ ਦੇ ਰਾਜਪਾਲ ਵੱਲੋਂ ਉੱਘੇ ਪੱਤਰਕਾਰ ਸੁਰਿੰਦਰ ਅਵਸਥੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

0
12

ਚੰਡੀਗੜ੍ਹ, 31 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ):  ਉੱਘੇ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਸ੍ਰੀ ਸੁਰਿੰਦਰ ਅਵਸਥੀ (70), ਜਿਨ੍ਹਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਕੱਲ ਦੇਹਾਂਤ ਹੋ ਗਿਆ ਸੀ, ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਅੱਜ ਇੱਥੇ ਸੈਕਟਰ 25, ਚੰਡੀਗੜ੍ਹ ਵਿਖੇ ਕੀਤਾ ਗਿਆ।

ਸ੍ਰੀ ਅਵਸਥੀ ਦੀ ਵੱਡੀ ਬੇਟੀ ਨੇ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਵਿਖਾਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ।

       ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਨੇ ਉੱਘੇ ਲਿਖਾਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਸ਼ੋਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਅਵਸਥੀ ਨੇ ਸਟੇਟ ਸੂਚਨਾ ਕਮਿਸ਼ਨਰ ਵਜੋਂ ਜੁਆਇਨ ਕਰਨ ਤੋਂ ਪਹਿਲਾਂ ਪ੍ਰਮੁੱਖ ਮੀਡੀਆ ਸੰਸਥਾਵਾਂ ਲਈ ਕੰਮ ਕਰਦਿਆਂ ਆਪਣੀਆਂ ਭਾਵੁਕ ਲਿਖਤਾਂ ਰਾਹੀਂ ਅਮਿੱਟ ਛਾਪ ਛੱਡੀ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ’ਲਾਕਡਾਉਨ’ ਨਾਮੀ ਇੱਕ ਕਿਤਾਬ ਲਿਖੀ ਜਿਸਨੂੰ ਇਸ ਸਾਲ ਜੁਲਾਈ ਵਿੱਚ ਰਿਲੀਜ਼ ਕੀਤਾ ਗਿਆ ਸੀ ਜੋ ਆਖਰੀ ਸਮੇਂ ਤੱਕ ਉਨ੍ਹਾਂ ਦੀ ਵਚਨਬੱਧਤਾ ਅਤੇ ਸਰਗਰਮ ਸ਼ਮੂਲੀਅਤ ਨੂੰ ਦਰਸਾਉਂਦੀ ਹੈ।

 ਉਨ੍ਹਾਂ ਦੁਖੀ ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਸ੍ਰੀ ਸੁਰਿੰਦਰ ਅਵਸਥੀ ਨੂੰ ਪ੍ਰੈਸ ਦੀ ਅਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ੍ਰੀ ਅਵਸਥੀ ਦੇ ਦੇਹਾਂਤ ਨਾਲ ਮੀਡੀਆ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸਨੂੰ ਪੂਰਿਆ ਨਹੀਂ ਜਾ ਸਕਦਾ।

         ਵਿਛੜੀ ਰੂਹ ਦੇ ਸਤਿਕਾਰ ਵਜੋਂ ਪੰਜਾਬ ਦੇ ਰਾਜਪਾਲ ਦੀ ਤਰਫੋਂ ਮਿ੍ਰਤਕ ਦੇਹ ’ਤੇ ਰੀਥ ਰੱਖ ਕੇ ਸਰਧਾਂਜਲੀ ਵੀ ਦਿੱਤੀ ਗਈ। 

ਲੋਕ ਸੰਪਰਕ ਵਿਭਾਗ, ਪੰਜਾਬ ਦੇ ਜਾਇੰਟ ਡਾਇਰੈਕਟਰ ਸ. ਅਜੀਤ ਕੰਵਲ ਸਿੰਘ ਅਤੇ ਸ. ਰਣਦੀਪ ਸਿੰਘ ਆਹਲੂਵਾਲੀਆ ਨੇ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਦੀ ਤਰਫੋਂ ਮਿ੍ਰਤਕ ਦੇਹ ’ਤੇ ਰੀਥ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ। ਚੰਡੀਗੜ੍ਹ ਪ੍ਰੈਸ ਕਲੱਬ ਦੀ ਤਰਫੋਂ ਵੀ ਰੀਥ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ।

ਸਾਰਾ ਯਹਾ ਮੁੱਖ ਸੰਪਾਦਕ (ਬਲਜੀਤ ਸ਼ਰਮਾਂ ਜੀ )ਵਲੋ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ             

NO COMMENTS