*ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਰਸਮੀ ਵਿਦਾਈ ਸਮਾਰੋਹ ਪਿਛੋਂ ਆਪਣੇ ਅਹੁਦੇ ਦਾ ਚਾਰਜ ਛੱਡਿਆ*

0
45

ਚੰਡੀਗੜ, 30 ਅਗਸਤ: (ਸਾਰਾ ਯਹਾਂ /ਮੁੱਖ ਸੰਪਾਦਕ) : ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ, ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਅੱਜ ਇੱਥੇ ਆਪਣੇ ਅਹੁਦਾ ਦਾ ਚਾਰਜ ਛੱਡ ਦਿੱਤਾ।ਸ੍ਰੀ ਬਦਨੌਰ ਨੇ 22 ਅਗਸਤ, 2016 ਨੂੰ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ ਸੀ।ਆਪਣੇ ਭਾਵਨਾਤਮਕ ਵਿਦਾਇਗੀ ਭਾਸ਼ਣ ਵਿੱਚ, ਸ਼੍ਰੀ ਬਦਨੌਰ ਨੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਵਜੋਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਰਾਜ ਭਵਨ, ਪੰਜਾਬ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵਿੱਚ ਆਪਣੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਸੰਪੂਰਨ ਸਹਿਯੋਗ ਲਈ ਉਨਾਂ ਦੇ ਰਿਣੀ ਰਹਿਣਗੇ। ਉਨਾਂ ਨੇ ਇਨਾਂ ਪੰਜ ਸਾਲਾਂ ਦੌਰਾਨ ਪੰਜਾਬ ਅਤੇ ਚੰਡੀਗੜ ਦੇ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਪਿਆਰ ਲਈ ਉਨਾਂ ਦਾ ਧੰਨਵਾਦ ਕੀਤਾ।       ਇਸ ਮੌਕੇ ਪੰਜਾਬ ਦੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਬਦਨੌਰ ਵੱਲੋਂ ਭੇਟ ਕੀਤੀ ਗਈ ਕੌਫੀ ਟੇਬਲ ਬੁੱਕ ਰਾਜ ਭਵਨ ਪੰਜਾਬ – ਏ ਗਲੋਰੀਅਸ ਜ਼ਰਨੀ ਵੀ ਜਾਰੀ ਕੀਤੀ ਜਿਸ ਦੀ ਇੱਕ ਕਾਪੀ ਮੁੱਖ ਮੰਤਰੀ ਨੂੰ ਭੇਟ ਕੀਤੀ ਗਈ।  ਇਸ ਕਿਤਾਬ ਵਿੱਚ 1947 ਤੋਂ ਹੁਣ ਤੱਕ ਦੇ ਰਾਜਪਾਲਾਂ ਦੇ ਸਾਰੇ ਮਹੱਤਵਪੂਰਨ ਕਾਰਜਾਂ ਅਤੇ ਹੋਰ ਵੇਰਵਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੂੰ ’ਪੰਜਾਬ ਰਾਜ ਭਵਨ ਮਿੰਨੀ ਰਾਕ ਗਾਰਡਨ- ਪਦਮਸ਼੍ਰੀ ਨੇਕ ਚੰਦ ਨੂੰ ਸ਼ਰਧਾਂਜਲੀ’ ਨਾਂ ਦੀ ਇੱਕ ਹੋਰ ਕਿਤਾਬ ਵੀ ਭੇਟ ਕੀਤੀ ਗਈ। ਇਸ ਮੌਕੇ ਹਾਜ਼ਰੀਨ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ  ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ, ਸ਼੍ਰੀ ਸੁਰੇਸ਼ ਕੁਮਾਰ, ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਤੇਜਵੀਰ ਸਿੰਘ, ਰਾਜਪਾਲ ਦੇ ਪ੍ਰਮੁੱਖ ਸਕੱਤਰ, ਸ਼੍ਰੀ ਜੇ.ਐਮ. ਬਾਲਾਮੁਰੁਗਨ, ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਧਰਮਪਾਲ, ਗ੍ਰਹਿ ਸਕੱਤਰ ਯੂਟੀ, ਸ੍ਰੀ ਅਰੁਣ ਗੁਓਤਾ, ਐਮਸੀ ਕਮਿਸ਼ਨਰ ਚੰਡੀਗੜ, ਸ੍ਰੀਮਤੀ ਅਨਿੰਦਿਤਾ ਮਿਤਰਾ, ਡੀਜੀਪੀ ਚੰਡੀਗੜ, ਸ੍ਰੀ ਪ੍ਰਵੀਨ ਰੰਜਨ ਅਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ ਦੇ ਮੌਜੂਦਾ ਸੀਨੀਅਰ ਅਤੇ ਸੇਵਾਮੁਕਤ ਅਧਿਕਾਰੀ ਸ਼ਾਮਲ ਸਨ।ਸ਼੍ਰੀ ਬਦਨੌਰ ਅਤੇ ਉਨਾਂ ਦੀ ਪਤਨੀ ਸ੍ਰੀਮਤੀ ਅਲਕਾ ਸਿੰਘ ਨੂੰ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਅਤੇ ਸਟਾਫ ਨੇ ਰਸਮੀ ਵਿਦਾਇਗੀ ਦਿੱਤੀ। ਅਹੁਦਾ ਛੱਡ ਰਹੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਦਿੱਤਾ ਗਿਆ ਵਿਦਾਇਗੀ ਭਾਸ਼ਣ:“ਮੈਂ ਅੱਜ ਲੰਮਾ ਭਾਸ਼ਣ ਨਹੀਂ ਦੇਣਾ ਚਾਹੁੰਦਾ ਪਰ 5 ਸਾਲ ਪਹਿਲਾਂ ਇੱਥੇ ਆਉਣ ਦੇ ਸਮੇਂ ਨੂੰ ਯਾਦ ਕਰਨਾ ਚਾਹੁੰਦਾ ਹਾਂ, ਮੈਨੂੰ ਇਹ ਵੀ ਯਾਦ ਹੈ ਕਿ ਮੇਰੇ ਸਹੁੰ ਚੁੱਕ ਸਮਾਗਮ ਵਿੱਚ ਭਾਰੀ ਮੀਂਹ ਪਿਆ ਸੀ ਅਤੇ ਸਾਰੇ ਭਿੱਜ ਗਏ ਸਨ। ਸਾਰੇ ਅਧਿਕਾਰੀ ਅਤੇ ਮਹਿਮਾਨ ਇੰਨਾ ਭਿੱਜ ਗਏ ਸਨ ਕਿ ਉਨਾਂ ਨੂੰ ਸਮਾਗਮ ਛੱਡਣਾ ਪਿਆ ਅਤੇ  ਕੁਝ ਖਾ ਪੀ ਵੀ ਨਹੀਂ ਸਕੇ। ਪਰ ਇਹ ਬਹੁਤ ਹੀ ਸ਼ੁਭ ਜਾਪਿਆ। ਹਾਲਾਂਕਿ ਅਸੀਂ ਸਾਰੇ ਭਿੱਜ ਗਏ ਪਰ ਇਹ ਇੱਕ ਅਸਾਧਾਰਨ ਅਤੇ ਅਚਾਨਕ ਆਇਆ ਮੀਂਹ ਸੀ ਜਿਸਨੇ ਮੈਨੂੰ ਇੱਕ ਵਧੀਆ ਸ਼ੁਰੂਆਤ ਦਿੱਤੀ।    ਪੰਜ ਸਾਲ ਪਹਿਲਾਂ ਮੈਂ ਚੰਡੀਗੜ ਅਤੇ ਪੰਜਾਬ ਵਿੱਚ ਸ਼ਾਇਦ ਹੀ ਕਿਸੇ ਨੂੰ ਜਾਣਦਾ ਸੀ ਪਰ ਮੈਨੂੰ ਲਗਦਾ ਹੈ ਕਿ ਹੁਣ ਮੈਂ ਯਕੀਨੀ ਤੌਰ ’ਤੇ ਚੰਡੀਗੜ ਅਤੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਨ ਦਾ ਦਾਅਵਾ ਕਰ ਸਕਦਾ ਹਾਂ ਅਤੇ ਇੱਥੇ ਕਈ ਚੰਗੇ ਦੋਸਤ ਵੀ ਬਣਾਏ ਹਨ।    ਪੰਜ ਸਾਲ ਕਿਸੇ ਦੇ ਜੀਵਨ ਕਾਲ ਵਿੱਚ ਬਹੁਤ ਲੰਬਾ ਸਮਾਂ ਹੁੰਦਾ ਹੈ ਅਤੇ ਚੰਡੀਗੜ ਅਤੇ ਪੰਜਾਬ ਵਿੱਚ ਮੇਰੇ 5 ਸਾਲ ਨਾ ਸਿਰਫ ਯਾਦਗਾਰੀ ਹਨ ਬਲਕਿ ਮੇਰੇ ਲਈ ਬਹੁਤ ਅਹਿਮ ਰਹੇ ਹਨ।  ਜਿਵੇਂ ਕਿ ਮੈਂ ਅਹੁਦਾ ਛੱਡ ਰਿਹਾ ਹਾਂ, ਤੁਹਾਡੇ ਸਾਰਿਆਂ ਨਾਲ ਮੇਰੀ ਸਾਂਝ ਖਤਮ ਹੋ ਗਈ ਹੈ ਪਰ ਹਾਂ, ਇਸ ਖੂਬਸੂਰਤ ਸ਼ਹਿਰ ਨੂੰ ਛੱਡਦਿਆਂ ਮੈਂ ਆਪਣੇ ਨਾਲ ਬਹੁਤ ਮਿੱਠੀਆਂ ਯਾਦਾਂ ਲੈ ਕੇ ਜਾ ਰਿਹਾ ਹਾਂ।  ਮੇਰੇ 5 ਸਾਲਾਂ ਦੇ ਕਾਰਜਕਾਲ ਦੌਰਾਨ ਪਿਛਲੇ 2 ਸਾਲ ਪੂਰੇ ਵਿਸ਼ਵ ਲਈ ਬਹੁਤ ਹੀ ਚੁਣੌਤੀਪੂਰਨ ਰਹੇ ਜਿਸ ਵਿੱਚ

ਚੰਡੀਗੜ ਅਤੇ ਪੰਜਾਬ ਵੀ ਸ਼ਾਮਲ ਹਨ। ਅਸੀਂ ਇਕੱਠਿਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਇਨਾਂ ਚੁਣੌਤੀਪੂਰਵਕ ਹਾਲਾਤਾਂ ਨੂੰ ਪਾਰ ਕੀਤਾ। ਇਹ ਇੱਕ ਵਧੀਆ ਟੀਮ ਵਰਕ ਸੀ। ਟ੍ਰਾਈ ਸਿਟੀ ਦਾ ਅਸਲ ਸੰਕਲਪ ਇਸ ਕੋਵਿਡ ਸੰਕਟ ਦੇ ਦੌਰਾਨ ਵੇਖਿਆ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਸਦਾ ਹਿੱਸਾ ਰਿਹਾ।ਮੈਂ ਆਪਣੇ ਕਾਰਜਕਾਲ ਦੇ ਵਿਕਾਸ ਪੱਖ ਵਿੱਚ ਨਹੀਂ ਜਾਣਾ ਚਾਹੁੰਦਾ, ਜੋ ਵੀ ਮੈਂ ਪ੍ਰਾਪਤ ਕੀਤਾ ਅਤੇ ਜੋ ਮੈਂ ਪ੍ਰਾਪਤ ਨਹੀਂ ਕਰ ਸਕਿਆ, ਮੈਂ ਇਸਦਾ ਨਿਰਣਾ ਤੁਹਾਡੇ ਉੱਤੇ ਛੱਡਦਾ ਹਾਂ। ਜਿਵੇਂ ਕਿ ਵਿਕਾਸ ਇੱਕ ਨਿਰੰਤਰ ਕਾਰਜ ਹੈ … ਇਹ ਰੁਕਦਾ ਨਹੀਂ … ਇੱਥੇ ਹਮੇਸ਼ਾਂ ਵਧੇਰੇ ਦੀ ਗੁੰਜਾਇਸ਼ ਹੁੰਦੀ ਹੈ।ਮੈਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਧੰਨਵਾਦੀ ਹਾਂ ਕਿ ਉਨਾਂ ਨੇ ਮੈਨੂੰ ਸੰਤਾਂ ਅਤੇ ਮਹਾਂਪੁਰਸ਼ਾਂ ਦੀ ਧਰਤੀ, ਪੰਜਾਬ ਰਾਜ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਹ ਮੈਨੂੰ ਕਿਸੇ ਵੀ ਛੋਟੇ ਜਾਂ ਵੱਡੇ ਰਾਜ ਵਿੱਚ ਕਿਤੇ ਵੀ ਲਗਾ ਸਕਦੇ ਸਨ ਪਰ ਮੈਨੂੰ ਸਰਹੱਦੀ ਸੂਬੇ ਪੰਜਾਬ ਅਤੇ ਯੂ.ਟੀ. ਚੰਡੀਗੜ ਭੇਜਣਾ, ਮੇਰੇ ਲਈ ਬਹੁਤ ਮਾਈਅਨੇ ਰੱਖਦਾ ਹੈ।ਮੈਂ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸ਼ੁਭ ਅਵਸਰਾਂ ਮੌਕੇ ਪੰਜਾਬ ਵਿੱਚ ਹੋਣ ਲਈ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਜਿਨਾਂ ਤੋਂ ਮੈਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀ ਸਿੱਖਿਆ ਮਿਲੀ।   ਮੈਂ ਪੰਜਾਬ ਰਾਜ ਭਵਨ ਅਤੇ ਚੰਡੀਗੜ ਪ੍ਰਸ਼ਾਸਨ ਵਿਖੇ ਆਪਣੇ ਹਰੇਕ ਅਧਿਕਾਰੀ ਅਤੇ ਸਟਾਫ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਨਾਂ ਨੇ ਦਿਨ-ਰਾਤ ਮੇਰੇ ਨਾਲ ਪੂਰੀ ਤਨਦੇਹੀ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਵਜੋਂ ਮੇਰੇ ਬੇਦਾਗ ਕਾਰਜਕਾਲ ਲਈ ਮੈਂ ਤੁਹਾਡੇ ਸਾਰਿਆਂ ਦਾ ਰਿਣੀ ਹਾਂ।ਮੈਂ ਪੰਜਾਬ ਅਤੇ ਚੰਡੀਗੜ ਦੇ ਲੋਕਾਂ ਦਾ ਦਿਲੋਂ ਪਿਆਰ ਅਤੇ ਸਨਮਾਨ ਦੇਣ ਅਤੇ ਪੂਰੇ ਕਾਰਜਕਾਲ ਦੌਰਾਨ ਮੇਰੇ ਵਿੱਚ ਵਿਸ਼ਵਾਸ ਰੱਖਣ ਲਈ ਧੰਨਵਾਦ ਕਰਦਾ ਹਾਂ।ਮੈਂ ਨਿਮਰਤਾ ਅਤੇ ਧੰਨਵਾਦ ਦੀ ਭਾਵਨਾ ਦੇ ਨਾਲ ਤੁਹਾਡੇ ਤੋਂ ਵਿਦਾਈ ਲੈਂਦਾ ਹਾਂ। ਮੈਂ ਆਪਣੀ ਯੋਗਤਾ ਅਨੁਸਾਰ ਇਸ ਸੰਸਥਾ ਰਾਹੀਂ ਇਸ ਰਾਜ ਦੇ ਲੋਕਾਂ ਦੀ ਸੇਵਾ ਕਰਨ ਲਈ ਪੂਰਨਤਾ ਅਤੇ ਖੁਸ਼ੀ ਦੀ ਭਾਵਨਾ ਨਾਲ ਵਿਦਾ ਲੈ ਰਿਹਾ ਹਾਂ। ”  

NO COMMENTS