ਚੰਡੀਗੜ•, 8 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਮੀਡੀਆਂ ਵਿੱਚ ਆਈਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਹ ਸਪੱਸ਼ਟ ਕੀਤਾ ਕਿ ਸੂਬੇ ਵਿੱਚ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਅਜਿਹੀਆਂ ਰਿਪੋਰਟਾਂ ਨੂੰ ਪੂਰੀ ਤਰ•ਾਂ ਅਟਕਲਾਂ ਤੇ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਹਾਲੇ ਕੋਈ ਫੈਸਲਾ ਨਹੀਂ ਲਿਆ। ਉਨ•ਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫੈਸਲਾ 10 ਅਪਰੈਲ ਨੂੰ ਰੱਖੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਸਾਫ ਕੀਤਾ ਕਿ ਕਰਫਿਊ ਵਧਾਉਣ ਦੀਆਂ ਇਹ ਅਟਕਲਾਂ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੌਜੂਦਾ ਸਮੇਂ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਜਾਰੀ ਸਲਾਹਕਾਰੀ ਤੋਂ ਬਾਅਦ ਸ਼ੁਰੂ ਹੋ ਗਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀਆਂ ਹਦਾਇਤਾਂ ‘ਤੇ ਮੁੱਖ ਸਕੱਤਰ ਨੇ ਇਹ ਸਲਾਹਕਾਰੀ ਤੁਰੰਤ ਵਾਪਸ ਲੈ ਲਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੀ ਸਥਿਤੀ ‘ਤੇ ਨਿਰੰਤਰ ਮੁਲਾਂਕਣ ਤੇ ਸਮੀਖਿਆ ਕੀਤੀ ਜਾ ਰਹੀ ਹੈ ਜਿਹੜੀ ਕਿ ਰੋਜ਼ਾਨਾ ਬਦਲ ਰਹੀ ਹੈ ਅਤੇ ਕੋਈ ਵੀ ਫੈਸਲਾ ਸੂਬੇ ਅਤੇ ਲੋਕਾਂ ਦੇ ਵਡਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਪਰੈਲ ਦੇ ਅੱਧ ਵਿੱਚ ਹੋਣ ਵਾਲੀਆਂ ਸਥਿਤੀਆਂ ਦੇ ਸੰਦਰਭ ਵਿੱਚ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਮਹਾਂਮਾਰੀ ਅਜੇ ਕੰਟਰੋਲ ਵਿੱਚ ਹੈ ਪਰ ਲਗਾਤਾਰ ਬਦਲਦੇ ਹਾਲਾਤਾਂ ਨੂੰ ਵੇਖਦਿਆਂ ਇਸ ਸਮੇਂ ਭਵਿੱਖ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨ•ਾਂ ਅੱਗੇ ਕਿਹਾ ਕਿ ਪੂਰਨ ਕਰਫਿਊ ਖ਼ਤਮ ਕਰਨ ਜਾਂ ਅੰਸ਼ਕ ਤੌਰ ‘ਤੇ ਖ਼ਤਮ ਕਰਨ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, ”“ਅਸੀਂ ਨਾ ਸਿਰਫ਼ ਪੰਜਾਬ, ਬਲਕਿ ਪੂਰੇ ਦੇਸ਼ ਦੀ ਸਥਿਤੀ ‘ਤੇ ਡੂੰਘਾਈ ਨਾਲ ਨਜ਼ਰ ਰੱਖ ਰਹੇ ਹਾਂ। ਅਸੀਂ ਦੂਜੇ ਦੇਸ਼ਾਂ ਦੀ ਇਸ ਮਹਾਂਮਾਰੀ ਸਬੰਧੀ ਸਥਿਤੀ ਦਾ ਵੀ ਧਿਆਨ ਰੱਖ ਰਹੇ ਹਾਂ ਤਾਂ ਜੋ ਅਸੀਂ ਉਨ•ਾਂ ਦੇ ਤਜ਼ਰਬਿਆਂ ਨੂੰ ਜਾਣ ਕੇ ਉਨ•ਾਂ ਮੁਤਾਬਕ ਕੰਮ ਕਰ ਸਕੀਏ।”
ਉਨ•ਾਂ ਕਿਹਾ ਕਿ ਭਾਰਤ ਵੱਲੋਂ ਅਪਣਾਈ ਨੀਤੀ ਨੇ ਬਹੁਤ ਮਦਦ ਕੀਤੀ, ਹਾਲਾਂਕਿ ਵਿਕਸਤ ਦੇਸ਼ਾਂ ਨਾਲੋਂ ਹਾਲਾਤ ਬਹੁਤ ਬਿਹਤਰ ਹਨ, ਪਰ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿਉਂ ਜੋ ਅਗਲੇ ਆਉਣ ਵਾਲੇ ਕੁੱਝ ਦਿਨ ਮੁਸ਼ਕਲਾਂ ਭਰੇ ਹੋ ਸਕਦੇ ਹਨ, ਸੋ ਇਨ•ਾਂ ਸਥਿਤੀਆਂ ਦੇ ਮੱਦੇਨਜ਼ਰ ਹੀ ਅੱਗੇ ਫੈਸਲਾ ਲਿਆ ਜਾਵੇਗਾ। ਉਨ•ਾਂ ਦੁਹਰਾਇਆ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਉਨ•ਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਫੈਸਲਾ ਲਿਆ ਜਾਵੇਗਾ ਕਿਉਂ ਜੋ ਅਜੇ ਕਿਹਾ ਨਹੀਂ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਮਹਾਂਮਾਰੀ ਦਾ ਰੂਪ ਕਿਹੋ ਜਿਹਾ ਹੋਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੇ ਕੌਮੀ ਲੌਕਡਾਊਨ ਦੇ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ 23 ਮਾਰਚ ਨੂੰ ਸੂਬੇ ਭਰ ਵਿੱਚ ਕਰਫਿਊ ਲਾਗੂ ਕਰ ਦਿੱਤਾ ਸੀ।
——