ਬਰਨਾਲਾ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੀਆਂ 32 ਜਥੇਬੰਦੀਆਂ ‘ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 413 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਣਕ ਦੀ ਬਿਜਾਈ ਦਾ ਸੀਜ਼ਨ ਜ਼ੋਰਾਂ ‘ਤੇ ਹੋਣ ਕਾਰਨ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਧਰਨੇ ਵਿੱਚ ਵਾਰ ਵਾਰ ਚਰਚਾ ਦਾ ਵਿਸ਼ਾ ਬਣਨ ਲੱਗਿਆ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਅਤਿ-ਰੁਝੇਵਿਆਂ ਭਰਪੂਰ ਸੀਜ਼ਨ ਵਿੱਚ ਖਾਦ ਦਾ ਇੰਤਜ਼ਾਮ ਕਰਨਾ ਗੰਭੀਰ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਸ਼ਰੇਆਮ ਖਾਦ ਦੀ ਕਾਲਾਬਾਜ਼ਾਰੀ ਤੇ ਜਮਾਂਖੋਰੀ ਹੈ ਰਹੀ ਹੈ ਪਰ ਸਰਕਾਰ ਸੁੱਤੀ ਪਈ ਪ੍ਰਤੀਤ ਹੁੰਦੀ ਹੈ। ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਡੀਏਪੀ ਖਾਦ ਦੀ ਖਰੀਦ ਨਾਲ ਹੋਰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। ਸਰਕਾਰ ਇਨ੍ਹਾਂ ਨਜਾਇਜ਼ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਤੁਰੰਤ ਕਦਮ ਚੁੱਕੇ।
ਟਿੱਕਰੀ ਬਾਰਡਰ ‘ਤੇ ਲੰਬੇ ਸਮੇਂ ਤੋਂ ਡਟੇ ਹੋਏ ਕਿਸਾਨ ਆਗੂ ਮਹਿੰਦਰ ਸਿੰਘ ਰੱਲਾ ਪਿਛਲੇ ਦਿਨੀਂ ਸ਼ਹੀਦੀ ਪਾ ਗਏ। ਆਗੂਆਂ ਨੇ ਉਨ੍ਹਾਂ ਦੀ ਕੁਰਬਾਨੀ ਤੇ ਕਿਸਾਨ ਅੰਦੋਲਨ ਵਿੱਚ ਪਾਸੇ ਯੋਗਦਾਨ ਨੂੰ ਯਾਦ ਕੀਤਾ ਤੇ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਮਹੀਨੇ 26 ਤਰੀਕ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਹੈ। ਇਸ ਪ੍ਰੋਗਰਾਮ ਲਈ ਲਾਮਬੰਦੀ ਕਰਨ ਲਈ ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿੰਡਾਂ ਵਿਚ ਮੀਟਿੰਗਾਂ ਕਰਵਾਉਣ ਵਾਲੇ ਆਗੂਆਂ ਨੇ ਦੱਸਿਆ ਕਿ ਕਿਸਾਨ ਮਰਦ ਤੇ ਔਰਤਾਂ ਵਿੱਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਬੁਲਾਰਿਆਂ ਨੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਆਦਿਵਾਸੀ ਨਾਇਕ ਬਿਰਸਾ ਮੁੰਡਾ ਦਾ ਜਨਮ ਦਿਨ ਮਨਾਏ ਜਾਣ ਪਿਛੇ ਲੁਕੇ ਦੰਭ ਦਾ ਪਰਦਾਫਾਸ਼ ਕੀਤਾ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਦਿਵਾਸੀਆਂ ਦੇ ਜਲ, ਜੰਗਲ ਤੇ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ; ਇੰਡੀਅਨ ਫਾਰੈਸਟ ਐਕਟ ਵਿੱਚ ਸੋਧਾਂ ਕਰਕੇ ਉਨ੍ਹਾਂ ਦੇ ਹੱਕਾਂ ‘ਤੇ ਛਾਪਾ ਮਾਰਿਆ ਜਾ ਰਿਹਾ ਹੈ ਤੇ ਦੂਸਰੀ ਤਰਫ ਇਨ੍ਹਾਂ ਆਦਿਵਾਸੀਆਂ ਦੇ ਨਾਇਕ ਦਾ ਜਨਮ ਦਿਨ ਮਨਾਏ ਜਾਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਸਰਕਾਰ ਇਹ ਪਾਖੰਡ ਬੰਦ ਕਰੇ ਅਤੇ ਆਦਿਵਾਸੀਆਂ ਦੇ ਜਲ,ਜੰਗਲ ਤੇ ਜ਼ਮੀਨ ਵਿਕਾਸ ਦੇ ਨਾਂਅ ‘ਤੇ ਕਾਰਪੋਰੇਟਾਂ ਦੇ ਹਵਾਲੇ ਨਾ ਕਰੇ।
ਅੱਜ ਬੁਲਾਰਿਆਂ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਜਝਾਰੂ ਵਰਕਰ ਦਲਜੀਤ ਸਿੰਘ (ਕਾਕਾ ਭਾਊ) ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਕਿ ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ ਦੌਰਾਨ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ‘ਤੇ ਲਗਾਤਾਰ ਧਰਨਾ ਲਾਈ ਬੈਠਾ ਦਲਜੀਤ ਸਿੰਘ ਪਿਛਲੇ ਦਿਨੀਂ ਡੇਂਗੂ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਕੂਚ ਕਰ ਗਿਆ ਹੈ।ਰੁਜ਼ਗਾਰ ਪ੍ਰਾਪਤੀ ਲਈ ਕਰੀਬ ਇੱਕ ਮਹੀਨਾ ਮੋਹਾਲੀ ਧਰਨੇ ਉੱਤੇ ਬੈਠਣ ਵਾਲੇ ਇਸ ਬੇਰੁਜ਼ਗਾਰ ਨੌਜਵਾਨ ਦੀ ਮੌਤ ਕੋਈ ਕੁਦਰਤੀ ਮੌਤ ਨਹੀਂ ਸਗੋਂ ਸਰਕਾਰ ਦੀਆਂ ਬੇਰੁਜ਼ਗਾਰ ਮਾਰੂ ਨੀਤੀਆਂ ਕਾਰਨ ਹੋਇਆ ਕਤਲ ਹੈ। ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦੀਆਂ ਮੰਗਾਂ ਮੰਨੇ ਤੇ ਉਨ੍ਹਾਂ ਨੂੰ ਸਨਮਾਨਜਨਕ ਰੁਜ਼ਗਾਰ ਦੇਵੇ।