*ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਮੋਹਰੀ*

0
11

ਚੰਡੀਗੜ੍ਹ/ਨਵਾਂਸ਼ਹਿਰ 17 ਅਪ੍ਰੈਲ ( ਸਾਰਾ ਯਹਾਂ /ਮੁੱਖ ਸੰਪਾਦਕ) : ਕਰੋਨਾ ਮਹਾਂਮਾਰੀ ਦੇ ਸਮੇਂ ਵਿਚ ਚੁਣੌਤੀਪੂਰਨ ਕਾਰਜ ਦੇ ਬਾਵਜੂਦ ਸੂਬੇ ਵਿਚ ਮਹਿਜ਼ ਇਕ ਹਫ਼ਤਾ ਪਹਿਲਾਂ 10 ਅਪ੍ਰੈਲ ਤੋਂ ਸ਼ੁਰੂ ਹੋਏ ਕਣਕ ਦੇ ਖਰੀਦ ਸੀਜ਼ਨ ਦੌਰਾਨ ਹੁਣ ਤੱਕ ਅਨਾਜ ਮੰਡੀਆਂ ਵਿਚ 29.65 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 25.61 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ 86.37 ਫੀਸਦੀ ਬਣਦੀ ਹੈ।

ਕਣਕ ਦੇ ਚੱਲ ਰਹੇ ਖਰੀਦ ਕਾਰਜਾਂ ਅਤੇ ਮੰਡੀਆਂ ਵਿਚ ਸਾਰੀਆਂ ਧਿਰਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਉਤੇ ਤਸੱਲੀ ਜਾਹਰ ਕਰਦੇ ਹੋਏ ਮੰਡੀ ਬੋਰਡ ਦੇ ਸਕੱਤਰ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਡਾਇਰੈਕਟਰ ਰਵੀ ਭਗਤ ਨੇ ਦੱਸਿਆ ਕਿ ਹੁਣ ਤੱਕ ਕਣਕ ਦੀ ਹੋਈ ਆਮਦ ਵਿਚ ਸੰਗਰੂਰ ਜਿਲਾ ਮੋਹਰੀ ਹੈ ਜਿੱਥੇ ਮੰਡੀਆਂ ਵਿਚ 4.76 ਲੱਖ ਮੀਟਰਕ ਟਨ ਫਸਲ ਪਹੁੰਚੀ ਹੈ। ਇਸ ਤੋਂ ਬਾਅਦ ਸਭ ਤੋਂ ਵੱਧ ਪਟਿਆਲਾ ਅਤੇ ਮਾਨਸਾ ਵਿਚ ਕ੍ਰਮਵਾਰ 3.87 ਲੱਖ ਮੀਟਰਕ ਟਨ ਅਤੇ 2.32 ਲੱਖ ਮੀਟਰਕ ਟਨ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾੜ੍ਹੀ ਮੰਡੀਕਰਨ ਦੇ ਚੱਲ ਰਹੇ ਸੀਜ਼ਨ ਦੌਰਾਨ 130 ਲੱਖ ਮੀਟਰਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

 ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੋਵਿਡ-19 ਦੇ ਮੱਦੇਨਜ਼ਰ ਮੰਡੀਆਂ ਵਿਚ ਪੜਾਅਵਾਰ ਕਣਕ ਲਿਆਉਣ ਲਈ ਮੰਡੀ ਬੋਰਡ ਅਤੇ ਵੱਖ-ਵੱਖ ਮਾਰਕੀਟ ਕਮੇਟੀਆਂ ਰਾਹੀਂ ਕਿਸਾਨਾਂ ਨੂੰ 5.74 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।

          ਫਸਲ ਦੀ ਅਦਾਇਗੀ ਵਿਚ ਦੇਰੀ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸ੍ਰੀ ਭਗਤ ਨੇ ਦੱਸਿਆ ਕਿ ਇਸ ਸੀਜ਼ਨ ਤੋਂ ਪਹਿਲੀ ਵਾਰ ਸਿੱਧੀ ਅਦਾਇਗੀ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਤਕਨੀਕੀ ਕਾਰਨਾਂ ਕਰਕੇ ਸ਼ੁਰੂਆਤੀ ਤੌਰ ਉਤੇ ਕੁਝ ਸਮੱਸਿਆਵਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਪਹਿਲ ਦੇ ਆਧਾਰ ਉਤੇ ਸੁਲਝਾਇਆ ਜਾ ਰਿਹਾ ਹੈ ਤਾਂ ਕਿ ਇਸ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਵੀ ਯਕੀਨੀ ਬਣਾਇਆ ਜਾ ਸਕੇ।

          ਮੰਡੀ ਬੋਰਡ ਦੇ ਸਕੱਤਰ ਨੇ ਅੱਜ ਕਣਕ ਦੀ ਖਰੀਦ ਦੇ ਕਾਰਜਾਂ ਦਾ ਜਾਇਜਾ ਲੈਣ ਲਈ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦਾ ਦੌਰਾ ਕੀਤਾ।

          ਰਾਹੋਂ, ਨਵਾਂਸ਼ਹਿਰ ਅਤੇ ਬਲਾਚੌਰ ਦੀਆਂ ਮੰਡੀਆਂ ਵਿਚ ਸਬੰਧਤ ਧਿਰਾਂ ਨਾਲ ਗੱਲਬਾਤ ਦੌਰਾਨ ਸਕੱਤਰ ਨੇ ਸਪੱਸ਼ਟ ਕੀਤਾ ਕਿ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਸੂਬੇ ਕੋਲ ਢੁਕਵੀਂ ਮਾਤਰਾ ਵਿਚ ਬਾਰਦਾਨਾ ਮੌਜੂਦ ਹੈ ਅਤੇ ਇਸ ਸਬੰਧੀ ਫਿਕਰ ਕਰਨ ਦੀ ਲੋੜ ਨਹੀਂ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਔਖੇ ਸਮੇਂ ਵਿਚ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।

          ਸਿਹਤ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣ ਦੀ ਲੋੜ ਉਤੇ ਜੋਰ ਦਿੰਦੇ ਹੋਏ ਸ੍ਰੀ ਭਗਤ ਨੇ ਸਾਰੀਆਂ ਧਿਰਾਂ ਨੂੰ ਸਿਹਤ ਤੇ ਸੁਰੱਖਿਆ ਲਈ ਲੋੜੀਂਦੇ ਬਚਾਅ ਕਦਮਾਂ ਉਤੇ ਅਮਲ ਕਰਨ ਦੀ ਅਪੀਲ ਕੀਤੀ ਹੈ।

          ਰਵੀ ਭਗਤ ਨੇ ਦੱਸਿਆ ਕਿ ਮੰਡੀ ਬੋਰਡ ਨੇ ਕੋਵਿਡ ਸਬੰਧੀ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ 5600 ਅਧਿਕਾਰੀਆਂ/ਕਰਮਚਾਰੀਆਂ ਨੂੰ 10,000 ਮਾਸਕ (ਐਨ-95) ਅਤੇ ਸੈਨੀਟਾਈਜ਼ਰਾਂ ਦੀਆਂ 10,000 ਬੋਤਲਾਂ ਮੁਹੱਈਆ ਕਰਵਾਈਆਂ ਹਨ ਤਾਂ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ ਮੰਡੀ ਬੋਰਡ ਨੇ ਖਰੀਦ ਕੇਂਦਰਾਂ ਉਪਰ ਆਪਣੀ ਫਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਇਕ ਲੱਖ ਮਾਸਕ ਅਤੇ 35,000 ਲਿਟਰ ਸੈਨੀਟਾਈਜ਼ਰ ਦਾ ਵੀ ਇੰਤਜਾਮ ਕੀਤਾ ਹੈ।

NO COMMENTS