ਚੰਡੀਗੜ੍ਹ, 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਮਾਡਲ ਆਂਗਨਵਾੜੀ ਕੇਂਦਰਾਂ ਵਿੱਚ ਬਦਲਿਆ ਜਾਵੇਗਾ, ਜਿਸ ਵਿੱਚ ਆਧੁਨਿਕ ਫਰਨੀਚਰ ਦੇ ਨਾਲ-ਨਾਲ ਵਾਲ ਪੇਂਟਿੰਗਾਂ ਰਾਹੀਂ ਬੱਚਿਆਂ ਨੂੰ ਸਿੱਖਿਅਤ ਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ 100 ਫੀਸਦੀ ਆਂਗਨਵਾੜੀ ਕੇਂਦਰਾਂ ਵਿੱਚ ਇੱਕ ਸਰਵੇਖਣ ਕਰਵਾ ਕੇ ਉਥੋਂ ਦੀਆਂ ਲੋੜਾਂ ਬਾਰੇ ਜਾਣਿਆ ਗਿਆ ਹੈ। ਇਸ ਉਪਰੰਤ ਸਾਰੇ ਪੰਜਾਬ ਵਿੱਚ ਇਹ ਸਰਵੇਖਣ ਕਰਵਾਇਆ ਜਾਵੇਗਾ, ਜਿਸ ਮੁਤਾਬਕ ਆਂਗਨਵਾੜੀ ਕੇਂਦਰਾਂ ਵਿੱਚ ਲੋੜੀਂਦਾ ਸਾਮਾਨ ਮੁਹੱਈਆ ਕੀਤਾ ਜਾਵੇਗਾ।ਇੱਥੇ ਪੰਜਾਬ ਭਵਨ ਵਿਖੇ ਆਂਗਨਵਾੜੀ ਮੁਲਾਜ਼ਮ ਜੱਥੇਬੰਦੀਆਂ ਨਾਲ ਆਂਗਨਵਾੜੀ ਕੇਂਦਰਾਂ ਦੀ ਨੁਹਾਰ ਬਦਲਣ ਬਾਰੇ ਹੋਏ ਵਿਚਾਰ-ਵਟਾਂਦਰੇ ਦੌਰਾਨ ਕੈਬਨਿਟ ਮੰਤਰੀ ਨੇ ਆਖਿਆ ਕਿ ਜਿਹੜੇ ਆਂਗਨਵਾੜੀ ਕੇਂਦਰ ਕਿਰਾਏ ਦੀਆਂ ਇਮਾਰਤਾਂ ਜਾਂ ਹੋਰ ਥਾਵਾਂ ਉਤੇ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦੀ ਆਪਣੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇਗਾ ਤਾਂ ਕਿ ਸਾਡੇ ਬੱਚੇ ਸੁਰੱਖਿਅਤ ਮਾਹੌਲ ਵਿੱਚ ਰਹਿ ਸਕਣ। ਆਂਗਨਵਾੜੀ ਕੇਂਦਰ ਜਲਦੀ ਖੋਲ੍ਹਣ ਦੇ ਮੁੱਦੇ ਉਤੇ ਉਨ੍ਹਾਂ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਇਹ ਕੇਂਦਰ ਬੱਚਿਆਂ ਲਈ ਬੰਦ ਕੀਤੇ ਗਏ ਸਨ। ਜਿਵੇਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਮਿਲ ਜਾਣਗੀਆਂ, ਉਵੇਂ ਹੀ ਆਂਗਨਵਾੜੀ ਕੇਂਦਰ ਬੱਚਿਆਂ ਲਈ ਖੋਲ੍ਹ ਦਿੱਤੇ ਜਾਣਗੇ।ਸ੍ਰੀਮਤੀ ਅਰੁਨਾ ਚੌਧਰੀ ਨੇ ਆਖਿਆ ਕਿ ਜਿਹੜੇ ਆਂਗਨਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਹੋਣ ਵਾਲੀ ਹੈ, ਉਨ੍ਹਾਂ ਦੀਆਂ ਸੂਚੀਆਂ ਬਣ ਚੁੱਕੀਆਂ ਹਨ, ਜਿਨ੍ਹਾਂ ਦਾ ਕੰਮ ਜਲਦੀ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਆਂਗਨਵਾੜੀ ਕੇਂਦਰਾਂ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਮਿਆਰੀ ਬਣਾਉਣ ਦੇ ਇੱਛੁਕ ਹਨ, ਜਿਸ ਲਈ ਅੱਜ ਸੁਝਾਅ ਲੈਣ ਵਾਸਤੇ ਮੁਲਾਜ਼ਮਾਂ ਤੇ ਹੈਲਪਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਜਿਹੜੇ ਸੁਝਾਅ ਮਿਲੇ ਹਨ, ਉਨ੍ਹਾਂ ਉਤੇ ਬਿਹਤਰ ਢੰਗ ਨਾਲ ਅਮਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਾਲ ਤਾਲਮੇਲ ਕਰ ਕੇ ਬੱਚਿਆਂ ਦੇ ਟੀਕਾਕਰਨ ਦੇ ਕੈਂਪ ਆਂਗਨਵਾੜੀ ਕੇਂਦਰਾਂ ਵਿੱਚ ਹੀ ਲਗਵਾਏ ਜਾਣਗੇ ਤਾਂ ਕਿ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਾ ਰਹੇ।
ਇਸ ਦੌਰਾਨ ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਾਡੀਆਂ ਆਂਗਨਵਾੜੀ ਵਰਕਰਾਂ ਨੇ ਫਰੰਟਲਾਈਨ ਵਰਕਰਾਂ ਦੀ ਅਹਿਮ ਭੂਮਿਕਾ ਨਿਭਾਈ, ਜਿਸ ਕਾਰਨ ਪੰਜਾਬ ਸੂਬਾ ਇਸ ਭਿਆਨਕ ਮਹਾਂਮਾਰੀ ਨਾਲ ਬਾਕੀ ਸੂਬਿਆਂ ਨਾਲੋਂ ਬਿਹਤਰ ਢੰਗ ਨਾਲ ਨਜਿੱਠ ਸਕਿਆ। ਉਨ੍ਹਾਂ ਕਿਹਾ ਕਿ ਅਕਸਰ ਆਂਗਨਵਾੜੀ ਵਰਕਰਾਂ ਦੇ ਕੰਮ ਨੂੰ ਕੋਈ ਪਛਾਣ ਨਹੀਂ ਮਿਲ ਪਾਉਂਦੀ ਪਰ ਇਸ ਦੇ ਬਾਵਜੂਦ ਵਰਕਰ ਤੇ ਹੈਲਪਰ ਦਿਆਨਤਦਾਰੀ ਨਾਲ ਆਪਣਾ ਕੰਮ ਕਰ ਰਹੀਆਂ ਹਨ, ਜਿਸ ਦੀ ਵਿਭਾਗ ਸ਼ਲਾਘਾ ਕਰਦਾ ਹੈ।
ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਨਾਲ ਬਿਹਤਰ ਤਾਲਮੇਲ ਲਈ ਇਕ ਸਾਂਝੀ ਐਕਸ਼ਨ ਕਮੇਟੀ ਦੀ ਤਜਵੀਜ਼ ਕੀਤੀ ਗਈ ਹੈ ਤਾਂ ਕਿ 2017 ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੌਜੂਦਾ ਸੰਦਰਭ ਵਿੱਚ ਲਾਗੂ ਕੀਤਾ ਜਾ ਸਕੇ, ਜਿਸ ਵਿੱਚ ਮੁੱਖ ਤੌਰ ਉਤੇ ਸਿੱਖਿਆ ਵਿਭਾਗ ਦੇ ਵਾਲੰਟੀਅਰਾਂ ਨੂੰ ਇਕ ਘੰਟੇ ਲਈ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਭੇਜਣਾ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਇਕ ਵਾਰ ਕਮੇਟੀ ਬਣ ਜਾਣ ਤੋਂ ਬਾਅਦ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ।ਮੀਟਿੰਗ ਦੌਰਾਨ ਆਂਗਨਵਾੜੀ ਕੇਂਦਰਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਬਾਰੇ ਸੁਝਾਅ ਦਿੰਦਿਆਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਆਲ ਇੰਡੀਆ ਪ੍ਰਧਾਨ ਊਸ਼ਾ ਰਾਣੀ ਨੇ ਪਿੰਡਾਂ ਵਿੱਚ ਆਂਗਨਵਾੜੀ ਦੇ ਸਾਈਨ ਬੋਰਡ ਲਾਏ ਜਾਣ ਅਤੇ ਕੇਂਦਰਾਂ ਦੀਆਂ ਦੀਵਾਰਾਂ ਉਤੇ ਆਂਗਨਵਾੜੀ ਕੇਂਦਰਾਂ ਰਾਹੀਂ ਮਿਲਦੇ ਰਾਸ਼ਨ ਦੀ ਸੂਚੀ ਦਰਸਾਈ ਜਾਵੇ। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਬੱਚਿਆਂ ਦੇ ਟੀਕਾਕਰਨ ਕੈਂਪ ਆਂਗਨਵਾੜੀ ਕੇਂਦਰਾਂ ਵਿੱਚ ਲਾਉਣ ਦੀ ਮੰਗ ਰੱਖੀ। ਉਨ੍ਹਾਂ ਸਿਹਤ ਤੇ ਸਿੱਖਿਆ ਵਿਭਾਗ ਨਾਲ ਬਿਹਤਰ ਤਾਲਮੇਲ ਬਾਰੇ ਵੀ ਆਖਿਆ। ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਏਟਕ ਪੰਜਾਬ ਦੀ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਨੇ ਆਂਗਨਵਾੜੀ ਕੇਂਦਰ ਛੇਤੀ ਖੋਲ੍ਹਣ ਦੀ ਗੱਲ ਕਰਦਿਆਂ ਆਖਿਆ ਕਿ ਜੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਆਉਣਗੇ ਤਾਂ ਹੀ ਸੈਂਟਰ ਵਧੀਆ ਚੱਲਣਗੇ।ਮੀਟਿੰਗ ਦੌਰਾਨ ਜੁਆਇੰਟ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਕੋਰੇ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਵੀ ਹਾਜ਼ਰ ਸਨ।————–