*ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕ ਕੇ ਕੇਂਦਰ ਨੇ ਫਿਰ ਦਿੱਤਾ ਪੰਜਾਬ ਵਿਰੋਧੀ ਹੋਣ ਦਾ ਸਬੂਤ: ਹਰਪਾਲ ਚੀਮਾ*

0
14

ਚੰਡੀਗੜ੍ਹ 03,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)  : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰ ਵੱਲੋਂ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਰੋਕਣ ਦੇ ਮੁੱਦੇ ‘ਤੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਕਦਮ ਭਾਜਪਾ ਦੇ ਪੰਜਾਬ ਵਿਰੋਧੀ ਹੋਣ ਦਾ ਇੱਕ ਹੋਰ ਸਬੂਤ ਹੈ। ਚੀਮਾ ਨੇ ਕਿਹਾ ਕਿ 1100 ਕਰੋੜ ਰੁਪਏ ਦਾ ਫੰਡ ਜੋ ਕੇਂਦਰ ਸਰਕਾਰ ਅੱਜ ਪੰਜਾਬ ਨੂੰ ਜਾਰੀ ਕਰਨ ਤੋਂ ਮਨ੍ਹਾ ਕਰ ਰਹੀ ਹੈ, ਉਹ ਪੰਜਾਬ ਦਾ ਆਪਣਾ ਪੈਸਾ ਹੈ ਅਤੇ ਉਸਨੂੰ ਜਾਰੀ ਕਰਨ ਨੂੰ ਰੋਕਣਾ ਪੰਜਾਬ ਦੇ ਹੱਕ ਮਾਰਨਾ ਹੈ। ਹਰਪਾਲ ਸਿੰਘ ਚੀਮਾ ਮੁਤਾਬਿਕ ਪਿਛਲੇ ਕੁੱਝ ਦਿਨਾਂ ਤੋਂ ਭਾਜਪਾ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ‘ਤੇ ਹਮਲੇ ਕਰ ਰਹੀ ਹੈ ਜਿਸਨੂੰ ਪੰਜਾਬ ਦੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। 

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਹਰਪਾਲ ਚੀਮਾ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸੌੜੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਪੰਜਾਬ ਦੇ ਲੋਕਾਂ ਨੂੰ ਦਿੱਤੇ ਧੋਖਿਆਂ ਦੀ ਲੰਬੀ ਲਿਸਟ ਵਿੱਚ ਇੱਕ ਹੋਰ ਵਿਸ਼ਵਾਸਘਾਤ ਜੁੜ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਉਹਦੇ ਲਈ ਦਿਹਾਤੀ ਵਿਕਾਸ ਫੰਡ ਦੀ ਵਰਤੋਂ ਕੀਤੀ। ਪਰ, ਜਦੋਂ ਕੈਪਟਨ 2017 ਦੀਆਂ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰ ਰਹੇ ਸਨ ਉਦੋਂ ਉਹਨਾਂ ਆਪਣੇ ਮੈਨੀਫੈਸਟੋ ਵਿੱਚ ਜ਼ਿਕਰ ਕਿਉਂ ਨਹੀਂ ਕੀਤਾ ਕਿ ਕਰਜ਼ਾ ਮੁਆਫ਼ੀ ਲਈ ਫੰਡ ਕਿੱਥੋਂ ਆਵੇਗਾ।” ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਰਲ਼ ਕੇ ਪੰਜਾਬ ਵਿਰੁੱਧ ਸਾਜਿਸ਼ ਕੀਤੀ ਹੈ। 

‘ਆਪ’ ਆਗੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਵੀ ਇਸ ਗੱਲ ਦਾ ਜਵਾਬ ਮੰਗਿਆ ਹੈ ਕਿ ਜਦੋਂ ਪਨਗਰੇਨ ਦੇ ਮੁਲਾਜ਼ਮਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਤੇ ਫੰਡ ਜਾਰੀ ਕਰਵਾਉਣ ਲਈ ਕਿਹਾ ਸੀ ਤਾਂ ਚੰਨੀ ਦੀ ਕਾਂਗਰਸ ਸਰਕਾਰ ਨੇ ਮੁੜ ਇਸ ਗੱਲ ਨੂੰ ਅਣਗੌਲਿਆ ਕਿਉਂ ਕਰ ਦਿੱਤਾ ਜਾਂ ਐਲਾਨਜੀਤ ਸਿੰਘ ਲੋਕਾਂ ਨੂੰ ਭਰਮਾਉਣ ਲਈ ਪ੍ਰੋਪੇਗੰਡਾ ਕਰਨ ਵਿੱਚ ਐਨੇ ਮਸ਼ਰੂਫ਼ ਸੀ ਕਿ ਅਸਲ ਮਸਲੇ ਹੱਲ ਕਰਨ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਆਪਣੇ ਰਾਜਨੀਤਿਕ ਹਿੱਤਾਂ ਲਈ ਪੰਜਾਬ ਦੇ ਖਜ਼ਾਨੇ, ਕੁਦਰਤੀ ਸੋਮਿਆਂ ਅਤੇ ਫੰਡਾਂ ਦੀ ਬਹੁਤ ਦੁਰਵਰਤੋਂ ਕਰਦੇ ਰਹੇ ਹਨ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਰ ਵਿਭਾਗ ਵਿੱਚ ਹੋਈਆਂ ਹੇਰਾ-ਫੇਰੀਆਂ ਅਤੇ ਘੁਟਾਲਿਆਂ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਪੰਜਾਬ ਦੇ ਹੱਕ ਮਾਰ ਆਪਣੀਆਂ ਜੇਬਾਂ ਭਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ। 

ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਦੇ ਫੰਡ ਰੋਕਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੈਸਾ ਪੰਜਾਬ ਦਾ ਹੈ ਅਤੇ ਬਾਦਲ ਤੇ ਕੈਪਟਨ ਦੀ ਗਲਤੀਆਂ ਦੀ ਸਜ਼ਾ ਪੰਜਾਬ ਦੇ ਲੋਕਾਂ ਨੂੰ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਕਿਹਾ ਕਿ ਪੰਜਾਬ ਵਿਰੋਧੀ ਕੇਂਦਰ ਸਰਕਾਰ ਬਸ ਬਹਾਨੇ ਲੱਭਦੀ ਹੈ ਪੰਜਾਬ ਦੇ ਹੱਕ ਮਾਰਨ ਦੇ ਅਤੇ ਅਕਾਲੀ ਦਲ ਅਤੇ ਸੂਬਾ ਕਾਂਗਰਸ ਇਹ ਬਹਾਨੇ ਉਹਨਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਪਰੋਸ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਰੱਖਿਆ ਦਾ ਬਹਾਨਾ ਬਣਾ ਰੈਲੀ ਰੱਦ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ 36,000 ਕਰੋੜ ਦੇ ਵਿਕਾਸ ਕਾਰਜਾਂ ਨੂੰ ਫੰਡ ਕਿੱਥੋਂ ਦੇਣਾ ਸੀ ਸਗੋਂ ਉਹ ਝੋਨੇ ਦੀ ਖਰੀਦ ਤੋਂ ਬਾਅਦ ਪੰਜਾਬ ਨੂੰ ਮਿਲਣ ਵਾਲੇ 1100 ਕਰੋੜ ਦੇ ਫੰਡ ਤੋਂ ਵੀ ਪੱਲਾ ਝਾੜ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਨਾਲ ਵਿਤਕਰਾ ਬੰਦ ਕਰਨਾ ਚਾਹੀਦਾ ਹੈ ਅਤੇ ਦਿਹਾਤੀ ਵਿਕਾਸ ਫੰਡ ਤੁਰੰਤ ਜਾਰੀ ਕਰਨਾ ਚਾਹੀਦਾ ਹੈ

NO COMMENTS