*ਪੰਜਾਬ ਤੇ ਹਰਿਆਣਾ ਵੱਲੋਂ ਚੰਡੀਗੜ੍ਹ ‘ਤੇ ਹੱਕ ਜਤਾਉਣ ਮਗਰੋਂ ਬੀਜੇਪੀ ਨੇ ਖੇਡਿਆ ਨਵਾਂ ਦਾਅ, ਚੰਡੀਗੜ੍ਹ ਨਗਰ ਨਿਗਮ ਵੱਲੋਂ ਮਤਾ ਪਾਸ*

0
64

ਚੰਡੀਗੜ੍ਹ  07,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਤੇ ਹਰਿਆਣਾ ਵੱਲੋਂ ਚੰਡੀਗੜ੍ਹ ‘ਤੇ ਹੱਕ ਜਤਾਉਣ ਮਗਰੋਂ ਅੱਜ ਬੀਜੇਪੀ ਨੇ ਨਵਾਂ ਦਾਅ ਖੇਡਿਆ ਹੈ। ਚੰਡੀਗੜ੍ਹ ਦੇ ਮੇਅਰ ਨੇ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਨੂੰ ਯੂਟੀ ਹੀ ਰਹਿਣ ਦਿੱਤਾ ਜਾਵੇ ਤੇ ਪੰਜਾਬ-ਹਰਿਆਣਾ ਨੂੰ ਆਪਣੀ-ਆਪਣੀ ਵੱਖਰੀ ਰਾਜਧਾਨੀ ਬਣਾਉਣ ਦੇ ਹੁਕਮ ਦਿੱਤੇ ਜਾਣ।

ਦੱਸ ਦਈਏ ਕਿ ਚੰਡੀਗੜ੍ਹ ਬਾਰੇ ਪੰਜਾਬ ਤੇ ਹਰਿਆਣਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਮੱਦੇਨਜ਼ਰ ਸ਼ਹਿਰ ਦੀ ਮੇਅਰ ਵੱਲੋਂ ਬੁਲਾਈ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੌਂਸਲਰਾਂ ਦਰਮਿਆਨ ਹੋਈ ਤਿੱਖੀ ਤਕਰਾਰ ਕਾਰਨ ਹਾਊਸ ਦਾ ਮਾਹੌਲ ਗਰਮਾ ਗਿਆ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਸ ਮਤੇ ਦਾ ਵਿਰੋਧ ਕੀਤਾ।

ਇਸ ਵਿਰੋਧ ਦੇ ਵਿਚਾਲੇ ਹੀ ਚੰਡੀਗੜ੍ਹ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਰਹਿਣ ਦੇ ਨਾਲ ਨਾਲ ਵਿਧਾਨ ਸਭਾ ਬਣਾਉਣ ਦਾ ਮਤਾ ਰੱਖਿਆ ਗਿਆ। ਇਸ ਦੇ ਨਾਲ ਹੀ ਕਿਹਾ ਗਿਆ ਕਿ ਪੰਜਾਬ ਤੇ ਹਰਿਆਣਾ ਨੂੰ ਆਪਣੀ ਆਪਣੀ ਰਾਜਧਾਨੀ ਬਣਾਉਣ ਦੇ ਹੁਕਮ ਦਿੱਤੇ ਜਾਣ। ਇਸ ਮਗਰੋਂ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਤਾਂ ਸਿਰਫ ਬੀਜੇਪੀ ਕੌਂਸਲਰਾਂ ਨੇ ਮਤਾ ਪਾਸ ਕਰ ਦਿੱਤਾ।

ਚੰਡੀਗੜ੍ਹ ਦੇ ਮੁੱਦੇ ‘ਤੇ ਭਾਜਪਾ ਦੇ ਪ੍ਰਸਤਾਵ ‘ਤੇ ਚਰਚਾ ਕਰਨ ਦੀ ਬਜਾਏ ਕਾਫੀ ਹੰਗਾਮਾ ਹੋਇਆ। ਭਾਜਪਾ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਇਹ ਮਾਮਲਾ ਸਾਡੇ ਸ਼ਹਿਰ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਪੰਜਾਬ ਨੂੰ ਸੌਂਪ ਕੇ ਇੱਥੇ ਡਰੱਗ ਮਾਫੀਆ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ। ਭਾਜਪਾ ਕੌਂਸਲਰਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਨੂੰ ਕਿਸੇ ਵੀ ਸੂਬੇ ਦਾ ਹਿੱਸਾ ਨਹੀਂ ਬਣਨ ਦੇਵਾਂਗੇ। ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਦੀ ਲੜਾਈ ਲੜ ਰਹੇ ਹਾਂ ਤੇ ਜੇਕਰ ਸਾਨੂੰ ਚੰਡੀਗੜ੍ਹ ਲਈ ਭੁੱਖ ਹੜਤਾਲ ਵੀ ਕਰਨੀ ਪਈ ਤਾਂ ਅਸੀਂ ਜੇਲ੍ਹ ਵੀ ਜ਼ਰੂਰ ਜਾਵਾਂਗੇ।

NO COMMENTS