ਨਵੀਂ ਦਿੱਲੀ 14,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾਵਾਇਰਸ ਦੀ ਦੂਜੀ ਲਹਿਰ (Second wave of Corona) ਦਾ ਕਹਿਰ ਹੁਣ ਹੌਲੀ-ਹੌਲੀ ਘਟਦਾ ਦਿਸ ਰਿਹਾ ਹੈ। 13 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ, ਜਿੱਥੇ ਇੱਕ ਦਿਨ ’ਚ ਨਵੇਂ ਕੋਰੋਨਾ ਕੇਸਾਂ (Corona Cases) ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਆਈ ਹੈ। ਭਾਵ ਐਕਟਿਵ ਕੇਸਾਂ (Corona Active Case) ਦੀ ਗਿਣਤੀ ਘਟੀ ਹੈ। ਭਾਵੇਂ ਮੌਤ ਦੀ ਗਿਣਤੀ ’ਚ ਕਿਤੇ ਵੀ ਗਿਰਾਵਟ ਵੇਖਣ ਨੂੰ ਨਹੀਂ ਮਿਲੀ ਹੈ।
ਇਹ 13 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ- ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਾਦਰਾ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤੇਲੰਗਾਨਾ ਤੇ ਉੱਤਰ ਪ੍ਰਦੇਸ਼। ਇੱਥੇ ਬੀਤੇ ਦਿਨ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਕੇਸਾਂ ਤੋਂ ਵੱਧ ਹੈ।
ਮਹਾਰਾਸ਼ਟਰ ’ਚ ਵੀਰਵਾਰ ਨੂੰ ਸਭ ਤੋਂ ਵੱਧ 12,803 ਐਕਟਿਵ ਕੇਸ ਘੱਟ ਹੋਏ ਹਨ ਪਰ ਦੇਸ਼ ਵਿੱਚ ਸਭ ਤੋਂ ਵੱਧ ਮੌਤਾਂ ਵੀ ਮਹਾਰਾਸ਼ਟਰ ’ਚ ਹੀ ਹੋਈਆਂ ਹਨ। ਇੱਥੇ ਕੱਲ੍ਹ 850 ਪੀੜਤਾਂ ਨੇ ਆਪਣੀ ਜਾਨ ਗੁਆ ਦਿੱਤੀ। ਤਾਮਿਲ ਨਾਡੂ ਅਜਿਹਾ ਰਾਜ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 11,037 ਐਕਟਿਵ ਕੇਸ ਵਧੇ ਹਨ, ਇੱਥੇ 290 ਪੀੜਤਾਂ ਦੀ ਜਾਨ ਵੀ ਗਈ ਹੈ।
ਦੇਸ਼ ’ਚ ਵੀ ਵਾਇਰਸ ਦੀ ਲਾਗ ਫੈਲਣ ਦੀ ਰਫ਼ਤਾਰ ਘਟੀ ਹੈ। 24 ਘੰਟਿਆਂ ’ਚ ਕੋਰੋਨਾ ਦੇ 3 ਲੱਖ 43 ਹਜ਼ਾਰ 144 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਦੌਰਾਨ 3 ਲੱਖ 44 ਹਜ਼ਾਰ 776 ਮਰੀਜ਼ ਠੀਕ ਹੋਏ ਹਨ। ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2 ਕਰੋੜ 40 ਲੱਖ 46 ਹਜ਼ਾਰ 809 ਹੈ, ਜਿਨ੍ਹਾਂ ਵਿੱਚੋਂ 37 ਲੱਖ 4 ਹਜ਼ਾਰ 893 ਐਕਟਿਵ ਕੇਸ ਹਨ; ਭਾਵ ਪਿਛਲੇ ਦਿਨ ਦੇ ਮੁਕਾਬਲੇ 5,632 ਐਕਟਿਵ ਕੇਸ ਘੱਟ ਹੋਏ ਹਨ।
ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਕੋਰੋਨਾ ਤੋਂ 2 ਕਰੋੜ 79 ਹਜ਼ਾਰ 599 ਵਿਅਕਤੀ ਹੁਣ ਤੱਕ ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ 17 ਕਰੋੜ 92 ਲੱਖ 584 ਵਿਅਕਤੀਆਂ ਨੂੰ ਟੀਕ ਲਾਇਆ ਗਿਆ ਹੈ; ਜਿਨ੍ਹਾਂ ਵਿੱਚ 20 ਲੱਖ 27 ਹਜ਼ਾਰ 162 ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਟੀਕੇ ਲਾਏ ਗਏ ਸਨ।