ਨਵੀਂ ਦਿੱਲੀ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਭਾਰਤ ਮੌਸਮ ਵਿਭਾਗ (IMD) ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਅਨੁਸਾਰ ਅਗਲੇ ਪੰਜ ਤੋਂ ਛੇ ਦਿਨਾਂ ਤੱਕ ਭਾਰਤ ਦੇ ਉੱਤਰ-ਪੱਛਮ, ਕੇਂਦਰੀ ਤੇ ਪੱਛਮੀ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉੱਪਰਲਾ ਪੱਛਮੀ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮ ਵਿਚ ਮੌਨਸੂਨ ਦੀ ਆਮਦ ਨਾਲ ਕੁਝ ਅਨੁਕੂਲ ਹਾਲਤ ਬਣਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ 5 ਦਿਨਾਂ ਦੌਰਾਨ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼ ਤੇ ਅਸਾਮ ਤੇ ਮੇਘਾਲਿਆ ਵਿੱਚ ਵੀ ਵਿਆਪਕ ਵਰਖਾ ਦੀ ਸੰਭਾਵਨਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੱਲ੍ਹ ਸਨਿੱਚਰਵਾਰ ਨੂੰ ਰਾਹਤ ਭਰੀ ਬੂੰਦਾ-ਬਾਂਦੀ ਹੋਈ। ਇਸ ਦਾ ਪ੍ਰਭਾਵ ਅੱਜ (ਐਤਵਾਰ) ਵੀ ਜਾਰੀ ਹੈ। ਹਵਾਵਾਂ ’ਚ ਠੰਢਕ ਆ ਗਈ ਹੈ ਅਤੇ ਤਾਪਮਾਨ ਘਟ ਗਿਆ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ, ਅੱਜ (ਐਤਵਾਰ) ਭਾਵ 4 ਜੁਲਾਈ ਨੂੰ ਦਿੱਲੀ ਵਿੱਚ ਬੂੰਦਾ-ਬਾਂਦੀ ਹੋਣ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਇਨ੍ਹਾਂ ਖੇਤਰਾਂ ਵਿੱਚ ਗਰਮੀ ਦੀ ਲਹਿਰ ਦਾ ਅਸਰ ਘੱਟ
ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਉੱਤਰੀ ਭਾਰਤ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਘੱਟ ਹੋਇਆ ਹੈ। ਅਗਲੇ ਪੰਜ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਅਗਲੇ ਪੰਜ ਦਿਨਾਂ ਵਿਚ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਘਟਣ ਦੀ ਉਮੀਦ ਹੈ।
ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ, ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਕਹਿਰਾਂ ਦੀ ਗਰਮੀ ਦੀ ਤੋਂ ਰਾਹਤ ਮਿਲੀ ਹੈ। ਇਸ ਅਰਸੇ ਦੌਰਾਨ ਬਿਹਾਰ, ਝਾਰਖੰਡ, ਉੱਤਰੀ ਛੱਤੀਸਗੜ ਅਤੇ ਗੰਗਾ ਦੇ ਨਾਲ ਲੱਗਦ ਪੱਛਮੀ ਬੰਗਾਲ ਦੇ ਇਲਾਕਿਆਂ ਵਿੱਚ ਦਰਮਿਆਨੀ ਤੋਂ ਤੇਜ਼ ਤੂਫਾਨ ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਹੈ।
ਜੈਪੁਰ ਮੌਸਮ ਵਿਭਾਗ ਅਨੁਸਾਰ ਰਾਜਸਥਾਨ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਰਾਜਸਥਾਨ ਦੇ ਬਹੁਤੇ ਹਿੱਸਿਆਂ ਵਿਚ ਭਾਰੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਸਨਿੱਚਰਵਾਰ ਨੂੰ ਰਾਜ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੋਂ 42 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਸਨਿੱਚਰਵਾਰ ਨੂੰ ਚੁਰੂ ਅਤੇ ਕਰੌਲੀ ਵਿੱਚ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।