Punjab Election 2022 06,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਸਣੇ 10 ਮਾਰਚ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਨਤੀਜੇ ਆਉਣ ਮਗਰੋਂ ਵਿਰੋਧੀਆਂ ਵੱਲੋਂ ਖਰੀਦ-ਫਰੋਖਤ ਦੇ ਡਰੋਂ ਕਾਂਗਰਸ ਤੇ ‘ਆਪ’ ਵੱਲੋਂ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਸੰਭਾਵਨਾ ਹੈ। ਕਾਂਗਰਸ ਆਪਣੇ ਵਿਧਾਇਕਾਂ ਨੂੰ ਪੰਜਾਬ ਤੋਂ ਰਾਜਸਥਾਨ ਸ਼ਿਫਟ ਕਰ ਸਕਦੀ ਹੈ, ਜਦੋਂਕਿ ਦਿੱਲੀ ਦੀ ਸੱਤਾਧਾਰੀ ਪਾਰਟੀ ‘ਆਪ’ ਆਪਣੇ ਵਿਧਾਇਕਾਂ ਨੂੰ ਰਾਸ਼ਟਰੀ ਰਾਜਧਾਨੀ ਸ਼ਿਫਟ ਕਰ ਸਕਦੀ ਹੈ।
ਮੰਨਿਆ ਜਾ ਰਿਹਾ ਹੈ ਕਿ ਰਾਜਸਥਾਨ ‘ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪੰਜਾਬ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕਾਂ ਨੂੰ ਜੈਪੁਰ ‘ਚ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਸੂਤਰਾਂ ਮੁਤਾਬਕ ਅੰਦਰੂਨੀ ਸਰਵੇਖਣਾਂ ਮੁਤਾਬਕ ਕਾਂਗਰਸ ਨੂੰ ਪੰਜਾਬ ‘ਚ 50 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਹੋਰ ਅੰਦਰੂਨੀ ਸਰਵੇਖਣ ਮੁਤਾਬਕ ਅਕਾਲੀ-ਬਸਪਾ ਗਠਜੋੜ ਨੂੰ 35 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ।
ਹਾਲਾਂਕਿ ‘ਆਪ’ ਸੂਬੇ ‘ਚ ਪੂਰਨ ਬਹੁਮਤ ਦਾ ਦਾਅਵਾ ਕਰ ਰਹੀ ਹੈ। ਅਕਾਲੀ ਆਗੂ ਚੋਣਾਂ ਤੋਂ ਬਾਅਦ ਗਠਜੋੜ ਬਣਾਉਣ ਲਈ ਭਾਜਪਾ ਦੇ ਸੰਪਰਕ ਵਿੱਚ ਹਨ, ਜੇਕਰ ਸਰਕਾਰ ਬਣਾਉਣ ਲਈ ਉਨ੍ਹਾਂ ਕੋਲ ਲੋੜੀਂਦੀ ਗਿਣਤੀ ਹੁੰਦੀ ਹੈ। ਰਿਪੋਰਟ ਮੁਤਾਬਕ ਸਾਰੀਆਂ ਪਾਰਟੀਆਂ ਸੂਬੇ ‘ਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ, ਉਥੇ ਹੀ ਪੰਜਾਬ ‘ਚ ਹੰਗ ਅਸੈਂਬਲੀ ਦੀ ਵੀ ਸੰਭਾਵਨਾ ਹੈ।
ਸੂਤਰਾਂ ਨੇ ਦੱਸਿਆ ਕਿ ਅਜਿਹੇ ਖਦਸ਼ੇ ਹਨ ਕਿ ਜੇਕਰ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੀ ਸਾਬਕਾ ਸਹਿਯੋਗੀ ਭਾਜਪਾ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਜੇਕਰ ਉਹ ਲੋੜੀਂਦੀ ਗਿਣਤੀ 59 ਤੋਂ ਵੀ ਘੱਟ ਰਹੀ ਤਾਂ ਕਾਂਗਰਸ ਤੇ ‘ਆਪ’ ਦੇ ਵਿਧਾਇਕਾਂ ਦੀ ਖਰੀਦ ਫਰੋਖਤ ਹੋ ਸਕਦੀ ਹੈ।
ਗੱਠਜੋੜ ਸਰਕਾਰ ਬਣਾਉਣ ਲਈ ਅਕਾਲੀ ਦਲ ਭਾਜਪਾ ਨਾਲ ਸੰਪਰਕ ਕਰ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਯੋਜਨਾ ਉਲੀਕੀ ਹੈ ਤਾਂ ਜੋ ਉਨ੍ਹਾਂ ਦੇ ਨਵੇਂ ਚੁਣੇ ਵਿਧਾਇਕ ਦੂਜੀਆਂ ਸਿਆਸੀ ਪਾਰਟੀਆਂ ਦੇ ਸ਼ਿਕਾਰ ਨਾ ਹੋਣ। ‘ਆਪ’ ਦੇ ਜੇਤੂ ਵਿਧਾਇਕਾਂ ਨੂੰ ਦਿੱਲੀ ਲਿਜਾਏ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਹਨ।