13,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਵੱਖ-ਵੱਖ ਵਾਅਦੇ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਵੀ ਚੋਣਾਂ ਨਾਲ ਸਬੰਧਤ ਕਮੇਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਪੰਜਾਬ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਕਮੇਟੀ ਵਿੱਚ ਕਈ ਵੱਡੇ ਨਾਂਅ ਸ਼ਾਮਲ
ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਜਦਕਿ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਅਤੇ ਸੁਨੀਲ ਜਾਖੜ ਨੂੰ ਪ੍ਰਚਾਰ ਕਮੇਟੀ ਦੀ ਕਮਾਨ ਸੌਂਪੀ ਗਈ ਹੈ
ਪਾਰਟੀ ਨੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮਨੋਰਥ ਪੱਤਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਰਾਜਿੰਦਰ ਕੌਰ ਭੱਠਲ, ਐਚਐਸ ਹੰਸਪਾਲ ਅਤੇ ਮਹਿੰਦਰ ਸਿੰਘ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜ ਸਭਾ ਅਤੇ ਲੋਕ ਸਭਾ ਵਿੱਚ ਪਾਰਟੀ ਦੇ ਮੈਂਬਰਾਂ ਦੇ ਨਾਲ-ਨਾਲ ਸੂਬਾ ਸਰਕਾਰ ਦੇ ਮੰਤਰੀਆਂ ਨੂੰ ਵੀ ਕਮੇਟੀ ਵਿੱਚ ਰੱਖਿਆ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਬਾਅਦ ਪਾਰਟੀ ਵਿੱਚ ਉਨ੍ਹਾਂ ਦੇ ਘਟਦੇ ਕੱਦ ਨੂੰ ਲੈ ਕੇ ਪ੍ਰਗਟਾਇਆ ਜਾ ਰਿਹਾ ਖਦਸ਼ਾ ਖ਼ਤਮ ਹੋ ਗਿਆ ਹੈ। ਦੱਸ ਦਈਏ ਹੈ ਕਿ ਹਾਲ ਹੀ ‘ਚ ਇਕ ਰੈਲੀ ਦੌਰਾਨ ਸਿੱਧੂ ਨੇ ਖੁਦ ਨੂੰ ਨਾਮਾਤਰ ਪ੍ਰਧਾਨ ਦੱਸਿਆ ਸੀ। ਸਿੱਧੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਹੱਥਾਂ ਵਿੱਚ ਕੋਈ ਤਾਕਤ ਨਹੀਂ ਹੈ ਅਤੇ ਉਹ ਪਾਰਟੀ ਜਨਰਲ ਸਕੱਤਰਾਂ ਦੀ ਨਿਯੁਕਤੀ ਕਰਨ ਵਿੱਚ ਵੀ ਅਸਮਰੱਥ ਹਨ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਕਾਂਗਰਸ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ। ਹਾਲਾਂਕਿ, ਸਿੱਧੂ ਦੀ ਨਿਯੁਕਤੀ ਨਾਲ ਹਾਈਕਮਾਂਡ ਨੇ ਸੰਕੇਤ ਦਿੱਤਾ ਹੈ ਕਿ ਸਿੱਧੂ ਕੋਲ ਪਾਵਰ ਹੈ।