ਚੰਡੀਗੜ•, ਅਪ੍ਰੈਲ 28 (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੰਨਿਆ ਹੈ ਕਿ ਐੱਨਆਰਆਈ (NRI), ਤਬਲੀਗੀ ਜਮਾਤ ਅਤੇ ਨਾਂਨਦੇੜ ਸਾਹਿਬ ਤੋਂ ਆਏ ਸਿੱਖ ਸ਼ਰਧਾਲੂਆਂ ਨਾਲ ਪੰਜਾਬ ਵਿੱਚ ਕੋਰੋਨਾਵਾਇਰਸ (Coronavirus) ਦੇ ਫੈਲਣ ਦਾ ਖ਼ਤਰਾ ਵੱਧਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ 21 ਦਿਨਾਂ ਲਈ ਕੁਆਰੰਟੀਨ ਕਰਨ ਦਾ ਐਲਾਨ ਕੀਤਾ ਹੈ।ਬਾਹਰੋਂ ਆਏ ਹਰ ਇੱਕ ਵਿਅਕਤੀ ਲਈ ਸਰਕਾਰ ਦੇ ਅਧਿਕਾਰਤ ਕੁਆਰੰਟੀਨ ਸੈਂਟਰ ਵਿੱਚ 21 ਦਿਨਾਂ ਲਈ ਠਹਿਰਨਾ ਲਾਜ਼ਮੀ ਹੋਵੇਗਾ। ਏਬੀਪੀ ਨਿਊਜ਼ ਦੀ ਪਹਿਲਕਦਮੀ ਤੋਂ ਬਾਅਦ ਕੈਪਟਨ ਸਰਕਾਰ ਨੂੰ ਹੋਈ ਲਾਪਰਵਾਹੀ ਦਾ ਅਹਿਸਾਸ ਹੋਇਆ ਹੈ।
ਕੋਰੋਨਾਵਾਇਰਸ (Coronavirus) ਮਹਾਮਾਰੀ ਦੇ ਕਹਿਰ ਵਿਚਾਲੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਸ ਪਰਤੇ 179 ਸਿੱਖ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਮਾਮੂਲੀ ਸਕ੍ਰੀਨਿੰਗ ਤੋਂ ਬਾਅਦ ਘਰ ਭੇਜ ਦਿੱਤਾ ਸੀ।ਅੱਜ ਸਵੇਰੇ ਇਸ ਲਾਪਰਵਾਹੀ ਦੀ ਬਾਬਤ ਜਦੋਂ ABP ਨਿਊਜ਼ ਤੇ ਇਹ ਖਬਰ ਚੱਲੀ ਤਾਂ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਹੁਣ ਇਨ੍ਹਾਂ 179 ਸ਼ਰਧਾਲੂਆਂ ਨੂੰ ਕੋਵਿਡ ਟੈਸਟ ਲਈ ਵਾਪਸ ਹਸਪਤਾਲ ਬੁਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਬਸ ਤੋਂ ਉਤਰਨ ਮਗਰੋਂ ਸਰਕਾਰੀ ਕੁਆਰੰਟੀਨ ਸੈਂਟਰ ‘ਚ ਨਹੀਂ ਰੱਖਿਆ। ਐਤਵਾਰ ਤੋਂ ਇਹ ਸ਼ਰਧਾਲੂ ਘਰ ‘ਚ ਹੀ ਸਨ। ਹੁਣ ਇਨ੍ਹਾਂ ਸ਼ਰਧਾਲੂਆਂ ਦੀ ਕੌਨਟੈਕਟ ਟ੍ਰੇਸਿੰਗ ਕਰਨਾ ਚੁਣੌਤੀ ਭਰਿਆ ਕੰਮ ਬਣ ਗਿਆ ਹੈ।
ਹੁਣ ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਤੋਂ ਵਾਪਸ ਆਉਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਿਦਿਆਰਥੀ ਅਤੇ ਮਜ਼ਦੂਰਾਂ ਨੂੰ ਸਰਹੱਦ ‘ਤੇ ਰੋਕ ਦਿੱਤਾ ਜਾਵੇਗਾ ਅਤੇ ਇਹ ਯਕੀਨੀ ਬਣਾਉਣ ਲਈ ਸਰਕਾਰੀ ਕੁਆਰੰਟੀਨ ਸੈਂਟਰਾਂ ਵਿਚ ਭੇਜਿਆ ਜਾਵੇਗਾ ਕਿ ਉਹ 21 ਦਿਨਾਂ ਤੱਕ ਹੋਰ ਲੋਕਾਂ ਨਾਲ ਸੰਪਰਕ ‘ਚ ਨਾ ਆਉਣ। ਮੁੱਖ ਮੰਤਰੀ ਨੇ ਕਿਹਾ ਕਿ ਰਾਧਾ ਸੋਮੀ ਸਤਿਸੰਗ ਡੇਰਾ ਨੂੰ ਇਨ੍ਹਾਂ ਲੋਕਾਂ ਨੂੰ ਆਈਸੋਲੇਟ ਕਰਨ ਲਈ ਵੀ ਵਰਤਿਆ ਜਾਏਗਾ।