*ਪੰਜਾਬ ‘ਚ ਡੀਜ਼ਲ 100 ਰੁਪਏ ਤੋਂ ਪਾਰ, ਪੈਟਰੋਲ ਤੇ ਡੀਜ਼ਲ ਚ ਸਿਰਫ਼ 9 ਰੁਪਏ ਦਾ ਫਰਕ*

0
34

ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਡੀਜ਼ਲ 100 ਰੁਪਏ ਪ੍ਰਤੀ ਲੀਟਰ (Diesel Price in Punjab) ਤੋਂ ਪਾਰ ਹੋ ਗਿਆ ਹੈ। ਇਸ ਦਾ ਸਿੱਧਾ ਕਿਸਾਨਾਂ ‘ਤੇ ਪੈ ਰਿਹਾ ਹੈ ਕਿਉਂਕਿ ਡੀਜ਼ਲ ਦੀ ਵੱਡੀ ਖਪਤ ਕਿਸਾਨ ਹੀ ਕਰਦੇ ਹਨ। ਇਸ ਤੋਂ ਇਲਾਵਾ ਟਰਾਂਸਪੋਰਟ ਖੇਤਰ (Transport) ਉੱਪਰ ਵੀ ਡੀਜ਼ਲ ਦਾ ਅਸਰ ਪੈ ਰਿਹਾ ਹੈ ਜਿਸ ਨਾਲ ਭਾੜੇ ਵਧਣਗੇ। ਭਾੜੇ ਤੇ ਕਿਰਾਏ ਵਧਣ ਨਾਲ ਚੀਜ਼ਾਂ ਦੇ ਭਾਅ ਵੀ ਵਧਣਗੇ।

ਪਹਿਲੀ ਨਵੰਬਰ ਨੂੰ ਪੰਜਾਬ ‘ਚ ਪੈਟਰੋਲ ਦੀ ਕੀਮਤ 110.61 ਰੁਪਏ ਪ੍ਰਤੀ ਲੀਟਰ ਹੋ ਗਈ ਜਦੋਂਕਿ ਡੀਜ਼ਲ ਦੀ ਕੀਮਤ 100.59 ਰੁਪਏ ਪ੍ਰਤੀ ਲੀਟਰ (Fuel Prices in Punjab) ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ‘ਚ ਡੀਜ਼ਲ ਦੀ ਕੀਮਤ 98.16 ਰੁਪਏ ਤੇ ਪੈਟਰੋਲ ਦੀ ਕੀਮਤ 105.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਚਿੰਤਤ ਹਨ।

ਦੱਸ ਦਈਏ ਕਿ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ‘ਤੇ ਐਕਸਾਈਜ਼ ਡਿਊਟੀ ਦੇ ਰੂਪ ‘ਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ‘ਚ 43,000 ਕਰੋੜ ਰੁਪਏ ਹੋਰ ਕਮਾਏ ਹਨ। ਸਮੀਖਿਆ ਅਧੀਨ ਮਿਆਦ ਦੌਰਾਨ ਇਨ੍ਹਾਂ ਉਤਪਾਦਾਂ ‘ਤੇ ਕੁੱਲ ਐਕਸਾਈਜ਼ ਡਿਊਟੀ ਦੀ ਕੁਲੈਕਸ਼ਨ ਸਾਲਾਨਾ ਆਧਾਰ ‘ਤੇ 33 ਫੀਸਦੀ ਵਧ ਕੇ 1.71 ਲੱਖ ਕਰੋੜ ਰੁਪਏ ਹੋ ਗਈ। ਇਹ 95,930 ਕਰੋੜ ਦੇ ਪ੍ਰੀ-ਮਹਾਂਮਾਰੀ ਪੱਧਰ (2019) ਨਾਲੋਂ 79 ਪ੍ਰਤੀਸ਼ਤ ਜ਼ਿਆਦਾ ਹੈ।

2020-21 ਦੇ ਅਪ੍ਰੈਲ-ਸਤੰਬਰ ਵਿੱਚ ਕੁੱਲ ਐਕਸਾਈਜ਼ ਡਿਊਟੀ ਕੁਲੈਕਸ਼ਨ 1.28 ਲੱਖ ਕਰੋੜ ਰੁਪਏ ਰਹੀ। ਕੰਟਰੋਲਰ ਜਨਰਲ ਆਫ ਅਕਾਊਂਟਸ (ਸੀਜੀਏ) ਦੇ ਅੰਕੜਿਆਂ ਮੁਤਾਬਕ ਸਰਕਾਰ ਨੇ 2020-21 ਵਿੱਚ ਪੈਟਰੋਲੀਅਮ ਉਤਪਾਦਾਂ ‘ਤੇ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਕੁੱਲ 3.89 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਅੰਕੜਾ 2019-20 ਵਿੱਚ 2.39 ਲੱਖ ਕਰੋੜ ਤੇ 2018-19 ਵਿੱਚ 2.3 ਲੱਖ ਕਰੋੜ ਰੁਪਏ ਸੀ।

CGA ਮੁਤਾਬਕ, 2020-21 ਦੀ ਪਹਿਲੀ ਛਿਮਾਹੀ ਵਿੱਚ ਪੈਟਰੋਲੀਅਮ ਉਤਪਾਦਾਂ ‘ਤੇ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 42,931 ਕਰੋੜ ਰੁਪਏ ਰਹੀ। ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਤੇਲ ਦੀ ਮੰਗ ਵਿੱਚ ਵਾਧੇ ਦੇ ਨਾਲ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਰਿਕਵਰੀ ਕਾਰਨ 2021-22 ਵਿੱਚ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਪਿਛਲੇ ਸਾਲ ਪੈਟਰੋਲ ‘ਤੇ ਐਕਸਾਈਜ਼ ਡਿਊਟੀ 19.98 ਰੁਪਏ ਤੋਂ ਵਧਾ ਕੇ 32.9 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਡੀਜ਼ਲ ‘ਤੇ ਇਹ 31.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

NO COMMENTS