*ਪੰਜਾਬ ‘ਚ ਗਰਮੀ ਦਾ ਕਹਿਰ, 52 ਸਾਲਾਂ ਦਾ ਟੁੱਟਿਆ ਰਿਕਾਰਡ, ਰਾਹਤ ਦੀ ਨਹੀਂ ਕੋਈ ਸੰਭਾਵਨਾ*

0
76

Punjab Weather 21,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਗਰਮੀ ਨੇ ਮਾਰਚ ‘ਚ ਹੀ ਵੱਟ ਕੱਢ ਦਿੱਤੇ ਹਨ। ਮਾਰਚ ਮਹੀਨੇ ਤੋਂ ਹੀ ਪੈ ਰਹੀ ਗਰਮੀ ਨੇ 52 ਸਾਲਾਂ ਦੀ ਰਿਕਾਰਡ ਤੋੜ ਦਿੱਤਾ ਹੈ। ਲੁਧਿਆਣਾ ਅੰਦਰ ਵੀ ਕਹਿਰ ਜਾਰੀ ਹੈ। ਇਸ ਤੋਂ ਪਹਿਲਾਂ 1970 ਅੰਦਰ ਮਾਰਚ ਮਹੀਨੇ ਵਿੱਚ ਇਸ ਤਰ੍ਹਾਂ ਦੀ ਗਰਮੀ ਪਈ ਸੀ ਪਰ ਇਸ ਵਾਰ ਗਰਮੀ ਹੋਰ ਵਧ ਗਈ ਹੈ। ਬੀਤੇ ਦਿਨ ਲੁਧਿਆਣਾ ਅੰਦਰ ਵੱਧ ਤੋਂ ਵੱਧ ਪਾਰਾ 36 ਡਿਗਰੀ ਤੋਂ ਜ਼ਿਆਦਾ ਸੀ ਜਿਸ ਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਅੰਦਰ ਇਸ ਕਦਰ ਗਰਮੀ ਕਦੇ ਵੀ ਨਹੀਂ ਪਈ। ਇਹ ਗਰਮੀ ਨਾ ਸਿਰਫ਼ ਲੋਕਾਂ ਦਾ ਜਿਊਣਾ ਮੁਹਾਲ ਕਰ ਰਹੀ ਹੈ, ਸਗੋਂ ਗਰਮੀ ਦਾ ਫਸਲਾਂ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਕਣਕ ਦੀ ਫਸਲ ਪੱਕ ਕੇ ਤਿਆਰ ਹੈ ਤੇ ਤਾਪਮਾਨ ਵਿੱਚ ਇਸ ਤਰ੍ਹਾਂ ਦਾ ਉਤਾਰ ਚੜ੍ਹਾਅ ਕਣਕ ਦੇ ਝਾੜ ਤੇ ਵੀ ਅਸਰ ਪਾ ਸਕਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ ਪੂਰਾ ਉੱਤਰ ਭਾਰਤ ਇਸ ਦੀ ਲਪੇਟ ਵਿੱਚ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਗਰਮੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇੱਕ ਹਫਤੇ ਦੇ ਵਿਚ ਬਾਰਿਸ਼ ਹੋਣ ਦੀ ਕੋਈ ਉਮੀਦ ਨਹੀਂ।

ਇਸ ਦੇ ਨਾਲ ਹੀ ਦੱਸਿਆ ਗਿਆ ਕਿ ਪੱਛਮੀ ਚੱਕਰਵਾਤ ਨਾ ਹੋਣ ਕਰਕੇ ਗਰਮੀ ਅਚਾਨਕ ਵਧੀ ਹੈ ਕਿਉਂਕਿ ਮਾਰਚ ਮਹੀਨੇ ਅੰਦਰ ਅਕਸਰ ਇਨ੍ਹਾਂ ਦਿਨਾਂ ਅੰਦਰ ਬਾਰਸ਼ ਹੋ ਜਾਂਦੀ ਹੈ ਜਿਸ ਦਾ ਟੈਂਪਰੇਚਰ ਤੇ ਅਸਰ ਪੈਂਦਾ ਹੈ ਪਰ ਬਾਰਸ਼ ਪੈਣ ਦੀ ਕੋਈ ਸੰਭਾਵਨਾ ਨਹੀਂ। ਇੱਕ ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਆਉਣ ਵਾਲੇ ਦਿਨਾਂ ਅੰਦਰ ਗਰਮੀ ਨਾਲ ਲੋਕਾਂ ਨੂੰ ਦੋ ਚਾਰ ਹੋਣਾ ਪਵੇਗਾ। ਕਣਕ ਦੀ ਫਸਲ ਲਈ ਇਹ ਕੋਈ ਮੌਸਮ ਦੇ ਵਿੱਚ ਤਬਦੀਲੀ ਲਾਹੇਵੰਦ ਨਹੀਂ ਸਗੋਂ ਨੁਕਸਾਨਦੇਹ ਹੈ।

NO COMMENTS